ਬੱਸ ਸਟੈਂਡ ’ਤੇ ਗੋਲ਼ੀ ਚਲਾ ਕੇ ਖੋਹਿਆ ਮੋਟਰਸਾਈਕਲ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Thu, 26 Feb 2026 10:28 PM (IST)
Updated Date: Thu, 26 Feb 2026 10:31 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਕੋਦਰ : ਨਕੋਦਰ ਬੱਸ ਸਟੈਂਡ ’ਤੇ ਸ਼ਾਮ ਵੇਲੇ ਗੋਲ਼ੀ ਚੱਲਣ ਨਾਲ ਸ਼ਹਿਰ ’ਚ ਦਹਸ਼ਤ ਫੈਲ ਗਈ। ਦੋ ਲੁਟੇਰੇ ਬੱਸ ਸਟੈਂਡ 'ਤੇ ਗੋਲੀ ਚਲਾ ਕੇ ਇਕ ਨੌਜਵਾਨ, ਜੋ ਆਪਣੇ ਸਾਥੀ ਨਾਲ ਬੱਸ ਤੋਂ ਸਾਮਾਨ ਲੈਣ ਆਇਆ ਸੀ, ਤੋਂ ਚਾਬੀ ਖੋਹ ਕੇ ਉਸ ਦਾ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਏ। ਗੋਲੀ ਚੱਲਣ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਿਟੀ ਦੇ ਇੰਚਾਰਜ ਹਰਮਿੰਦਰ ਸਿੰਘ ਤੇ ਥਾਣਾ ਇੰਚਾਰਜ ਸਦਰ ਦੀ ਪੁਲਿਸ ਪਾਰਟੀ ਬੱਸ ਸਟੈਂਡ 'ਤੇ ਪੁੱਜ ਗਈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਇੰਚਾਰਜ ਨੇ ਦੱਸਿਆ ਕਿ ਬੱਸ ਸਟੈਂਡ ’ਤੇ ਪ੍ਰਿੰਸ ਤੇ ਸੁਸ਼ਾਂਤ ਆਪਣੇ ਸਾਮਾਨ ਦੀ ਉਡੀਕ ਕਰ ਰਹੇ ਸਨ। ਇਸ ਦੌਰਾਨ ਦੋ ਵਿਅਕਤੀ ਜੋ ਪਹਿਲਾਂ ਹੀ ਬੱਸ ਸਟੈਂਡ 'ਤੇ ਮੌਜੂਦ ਸਨ, ਨੇ ਸੁਸ਼ਾਂਤ ਤੋਂ ਮੋਟਰਸਾਈਕਲ ਦੀ ਚਾਬੀ ਖੋਹੀ ਤੇ ਗੋਲੀ ਚਲਾ ਕੇ ਉਸਦਾ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ।
ਥਾਣਾ ਸਿਟੀ ਦੇ ਇੰਚਾਰਜ ਨੇ ਕਿਹਾ ਕਿ ਪੁਲਿਸ ਨੂੰ ਇਸ ਘਟਨਾ ਬਾਰੇ ਹਾਲੇ ਤੱਕ ਇਹ ਜਾਣਕਾਰੀ ਮਿਲੀ ਹੈ ਤੇ ਉਹ ਤਫਤੀਸ਼ ਕਰ ਰਹੇ ਹਨ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਜਲਦੀ ਹੀ ਗੋਲੀ ਚਲਾਉਣ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਬੱਸ ਸਟੈਂਡ ’ਤੇ ਗੋਲੀਬਾਰੀ ਕਾਰਨ ਸ਼ਹਿਰ ਦੇ ਵਾਸੀਆਂ ’ਚ ਡਰ ਦਾ ਮਾਹੌਲ ਬਣ ਗਿਆ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਨਤਕ ਥਾਵਾਂ ਜਿਵੇਂ ਕਿ ਬੱਸ ਸਟੈਂਡ, ਸਿਵਲ ਹਸਪਤਾਲ ਤੇ ਹੋਰ ਜਨਤਕ ਥਾਵਾਂ 'ਤੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ।