ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ ਤੇ ਸਕੂਟਰ ਚੋਰੀ
ਮਹਾਨਗਰ ’ਚ ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ ਤੇ ਐਕਟਿਵਾ ਚੋਰੀ
Publish Date: Fri, 09 Jan 2026 06:51 PM (IST)
Updated Date: Fri, 09 Jan 2026 06:54 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਦੋਪਹੀਆ ਵਾਹਨ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਕੋਈ ਦਿਨ ਅਜਿਹਾ ਨਹੀਂ ਜਾਂਦਾ, ਜਿਸ ਦਿਨ ਮਹਾਨਗਰ ਵਿਚ ਕੋਈ ਦੋਪਹੀਆ ਵਾਹਨ ਚੋਰੀ ਨਾ ਹੋਇਆ ਹੋਵੇ। ਰੋਜ਼ਾਨਾ ਹੀ ਕਮਿਸ਼ਨਰੇਟ ਪੁਲਿਸ ਦੇ ਕਿਸੇ ਨਾ ਕਿਸੇ ਥਾਣੇ ਅਧੀਨ ਦੋਪਹੀਆ ਵਾਹਨ ਚੋਰੀ ਦੀ ਸ਼ਿਕਾਇਤ ਮਿਲ ਰਹੀ ਹੈ ਪਰ ਪੁਲਿਸ ਹਾਲੇ ਤੱਕ ਵਾਹਨ ਚੋਰੀ ਕਰਨ ਵਾਲੇ ਇਸ ਗਿਰੋਹ ਦਾ ਪਤਾ ਲਗਾਉਣ ਵਿੱਚ ਕਾਮਯਾਬ ਨਹੀਂ ਹੋਈ। ਇਸ ਕਾਰਨ ਚੋਰਾਂ ਦੇ ਹੌਸਲੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਵਾਹਨ ਚੋਰੀ ਕਰਕੇ ਜਾਂ ਤਾਂ ਵੇਚਿਆ ਜਾ ਰਿਹਾ ਹੈ ਜਾਂ ਫਿਰ ਪੁਰਜ਼ੇ ਕੱਢ ਕੇ ਕਬਾੜੀਆਂ ਨੂੰ ਵੇਚ ਦਿੱਤੇ ਜਾਂਦੇ ਹਨ। ਬੀਤੇ ਦਿਨ ਥਾਣਾ ਨੰਬਰ ਤਿੰਨ ਤੇ ਥਾਣਾ ਬਾਰਾਂਦਰੀ ਦੇ ਇਲਾਕੇ ਵਿੱਚੋਂ ਇੱਕ ਐਕਟਿਵਾ ਤੇ ਇੱਕ ਮੋਟਰਸਾਈਕਲ ਚੋਰੀ ਹੋ ਗਿਆ। ਜਾਣਕਾਰੀ ਅਨੁਸਾਰ ਕੁਨਾਲ ਵਿੱਜ ਵਾਸੀ ਕਿਸ਼ਨ ਨਗਰ ਨੇ ਆਪਣੀ ਐਕਟਵਾ ਨੰਬਰ ਪੀਬੀ 08 ਡੀਜੇ 6900 ਆਪਣੇ ਘਰ ਦੇ ਬਾਹਰ ਖੜ੍ਹੀ ਕੀਤੀ ਸੀ। ਜਦ ਕੁਝ ਸਮਾਂ ਬਾਅਦ ਉਹ ਆਪਣੇ ਘਰੋਂ ਕਿਧਰੇ ਕੰਮ ਲਈ ਜਾਣ ਲਈ ਨਿਕਲਿਆ ਤਾਂ ਐਕਟਿਵਾ ਗਾਇਬ ਸੀ। ਘਟਨਾ ਦੀ ਸੂਚਨਾ ਥਾਣਾ ਨੰਬਰ ਤਿੰਨ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਦੂਜੀ ਘਟਨਾ ਥਾਣਾ ਬਾਰਾਂਦਰੀ ਦੇ ਇਲਾਕੇ ਵਿਚ ਵਾਪਰੀ ਜਿੱਥੇ ਕਚਹਿਰੀ ਵਿੱਚ ਕਿਸੇ ਕੰਮ ਨੂੰ ਆਏ ਰਾਜੇਸ਼ ਵਾਸੀ ਟਾਵਰ ਟਾਊਨ ਦਾ ਮੋਟਰਸਾਈਕਲ ਨੰਬਰ ਪੀਬੀ 08 ਐੱਫਕੇ 8842 ਚੋਰੀ ਹੋ ਗਿਆ। ਘਟਨਾ ਦੀ ਸੂਚਨਾ ਥਾਣਾ ਬਾਰਾਦਰੀ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਦੋਵਾਂ ਮਾਮਲਿਆਂ ਵਿੱਚ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲਣੀ ਸ਼ੁਰੂ ਕਰ ਦਿੱਤੀ ਹੈ।