ਐੱਸਜੀਟੀਬੀ ਪਬਲਿਕ ਸਕੂਲ ’ਚ ਮਨਾਇਆ ਮਾਂ ਬੋਲੀ ਦਿਵਸ
ਸੁਖਵਿੰਦਰ ਸਿੰਘ ਪੰਜਾਬੀ ਜਾਗਰਣ
Publish Date: Mon, 23 Feb 2026 08:04 PM (IST)
Updated Date: Mon, 23 Feb 2026 08:07 PM (IST)
ਸੁਖਵਿੰਦਰ ਸਿੰਘ ਪੰਜਾਬੀ ਜਾਗਰਣ ਭੋਗਪੁਰ : ਐੱਸਜੀਟੀਬੀ ਪਬਲਿਕ ਸਕੂਲ, ਸਨੌਰਾ ਵਿੱਚ ਕੌਮਾਂਤਰੀ ਮਾਂ ਬੋਲੀ ਦਿਵਸ ਬੜੇ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਗਿਆ। ਇਸ ਦਿਵਸ ਦਾ ਮਕਸਦ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਅਮੀਰ ਵਿਰਾਸਤ ਨੂੰ ਕਾਇਮ ਰੱਖਣਾ ਸੀ। ਦਿਨ ਦੀ ਸ਼ੁਰੂਆਤ ਵਿਸ਼ੇਸ਼ ਸਭਾ ਪ੍ਰੋਗਰਾਮ ਨਾਲ ਹੋਈ, ਜਿਸ ਵਿੱਚ ਵਿਦਿਆਰਥੀਆਂ ਨੇ ਪੰਜਾਬੀ ਕਵਿਤਾ ਉਚਾਰਨ ਤੇ ਭਾਸ਼ਣਾਂ ਰਾਹੀਂ ਪੰਜਾਬੀ ਭਾਸ਼ਾ ਦੇ ਮਹੱਤਵ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਪੰਜਾਬੀ ਭਾਸ਼ਾ ਦਾ ਸਤਿਕਾਰ ਕਰਨ ਅਤੇ ਇਸਦੀ ਵਰਤੋਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰਣ ਲਿਆ ਗਿਆ। ਇਸ ਮੌਕੇ ਸਲੋਗਨ ਅਤੇ ਪੋਸਟਰ ਬਣਾਉਣ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਰੰਗ-ਬਿਰੰਗੇ ਪੋਸਟਰਾਂ ਅਤੇ ਨਾਅਰਿਆਂ ਰਾਹੀਂ ਪੰਜਾਬੀ ਲਈ ਆਪਣਾ ਪਿਆਰ ਦਰਸਾਇਆ। ਆਖ਼ਰ ਵਿਚ ਪ੍ਰਿੰਸੀਪਲ ਨਵਦੀਪ ਕੌਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਉਤਸ਼ਾਹਪੂਰਣ ਭਾਗੀਦਾਰੀ ਲਈ ਵਧਾਈ ਦਿੱਤੀ ਅਤੇ ਉਹਨਾਂ ਨੂੰ ਆਪਣੀ ਮਾਤ੍ਰ ਭਾਸ਼ਾ ‘ਪੰਜਾਬੀ’ ਉੱਤੇ ਮਾਣ ਕਰਨ ਲਈ ਪ੍ਰੇਰਿਤ ਕੀਤਾ।