ਐੱਸਜੀਐੱਲ ਹਸਪਤਾਲ ਦੇ ਕੈਂਪ ਦਾ 200 ਤੋਂ ਵੱਧ ਮਰੀਜ਼ਾਂ ਨੇ ਲਿਆ ਲਾਹਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Fri, 27 Feb 2026 08:28 PM (IST)
Updated Date: Fri, 27 Feb 2026 08:31 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਾਗਰਣ : ਬਾਬਾ ਕਸ਼ਮੀਰਾ ਸਿੰਘ ਜਾਨ ਸੇਵਾ ਟਰੱਸਟ ਵੱਲੋਂ ਚਲਾਏ ਜਾ ਰਹੇ ਐੱਸ.ਜੀ.ਐੱਲ. ਹਸਪਤਾਲ ਵੱਲੋਂ ਮੁਫ਼ਤ ਹੱਡੀਆਂ ਅਤੇ ਜੋੜਾਂ ਦਾ ਵਿਸ਼ੇਸ਼ ਚੈੱਕਅਪ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਹਸਪਤਾਲ ਦੇ ਵਾਈਸ ਚੇਅਰਮੈਨ ਅਤੇ ਸੀ.ਈ.ਓ. ਮਨਿੰਦਰ ਪਾਲ ਸਿੰਘ ਰਿਆੜ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਅੱਜਕੱਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ, ਗਲਤ ਖੁਰਾਕ, ਜ਼ਿਆਦਾ ਬੈਠ ਕੇ ਕੰਮ ਵਾਲੀ ਜੀਵਨ ਸ਼ੈਲੀ ਤੇ ਵਧਦੀ ਉਮਰ ਕਾਰਨ ਹੱਡੀਆਂ ਅਤੇ ਜੋੜਾਂ ਨਾਲ ਸਬੰਧਿਤ ਸਮੱਸਿਆਵਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਹਰ ਤੀਜਾ ਵਿਅਕਤੀ ਗੋਡਿਆਂ ਦੇ ਦਰਦ, ਕਮਰ ਦਰਦ, ਜੋੜਾਂ ਦੀ ਜਕੜਨ ਜਾਂ ਹੱਡੀਆਂ ਦੀ ਕਮਜ਼ੋਰੀ ਤੋਂ ਪੀੜਤ ਨਜ਼ਰ ਆ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਤੇ ਢੰਗ ਨਾਲ ਇਲਾਜ ਨੂੰ ਯਕੀਨੀ ਬਣਾਉਣ ਲਈ ਇਹ ਕੈਂਪ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ
ਆਸਟਿਓਪੋਰੋਸਿਸ ਤੇ ਜੋੜਾਂ ਦੇ ਰੋਗ ਅਕਸਰ ਸ਼ੁਰੂਆਤੀ ਪੜਾਅ ਵਿੱਚ ਬਿਨਾਂ ਕਿਸੇ ਵੱਡੇ ਲੱਛਣਾਂ ਦੇ ਵਧਦੇ ਰਹਿੰਦੇ ਹਨ। ਜੇ ਸਮੇਂ ਸਿਰ ਜਾਂਚ ਨਾ ਕਰਵਾਈ ਜਾਵੇ ਤਾਂ ਆਗੇ ਚੱਲ ਕੇ ਇਹ ਗੰਭੀਰ ਰੂਪ ਧਾਰ ਸਕਦੇ ਹਨ। ਕੈਂਪ ਦੌਰਾਨ ਕੁੱਲ 200 ਤੋਂ ਵੱਧ ਮਰੀਜ਼ਾਂ ਨੇ ਆਪਣੀ ਜਾਂਚ ਕਰਵਾਈ। ਮਰੀਜ਼ਾਂ ਦੇ ਬੋਨ ਮਿਨਰਲ ਡੈਂਸਿਟੀ ਟੈਸਟ ਕੀਤੇ ਗਏ, ਜਦਕਿ ਲੋੜ ਅਨੁਸਾਰ ਮਰੀਜ਼ਾਂ ਦੇ ਐਕਸਰੇ ਵੀ ਕੀਤੇ ਗਏ। ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਮੁਫ਼ਤ ਸਲਾਹ ਅਤੇ ਜੀਵਨ ਸ਼ੈਲੀ ਬਾਰੇ ਮਾਰਗਦਰਸ਼ਨ ਪ੍ਰਦਾਨ ਕੀਤਾ ਗਿਆ। ਡਾਕਟਰਾਂ ਨੇ ਕੈਲਸ਼ੀਅਮ ਅਤੇ ਵਿਟਾਮਿਨ-ਡੀ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਸਹੀ ਖੁਰਾਕ ਅਤੇ ਨਿਯਮਿਤ ਵਰਜ਼ਿਸ਼ ਨਾਲ ਹੱਡੀਆਂ ਨੂੰ ਲੰਬੇ ਸਮੇਂ ਤੱਕ ਮਜ਼ਬੂਤ ਰੱਖਿਆ ਜਾ ਸਕਦਾ ਹੈ। ਬਜ਼ੁਰਗਾਂ ਅਤੇ ਔਰਤਾਂ ਨੂੰ ਖ਼ਾਸ ਤੌਰ ‘ਤੇ ਸਮੇਂ-ਸਮੇਂ ਤੇ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਗਈ। ਹਸਪਤਾਲ ਦੇ ਵਾਈਸ ਚੇਅਰਮੈਨ ਤੇ ਸੀ.ਈ.ਓ. ਮਨਿੰਦਰ ਪਾਲ ਸਿੰਘ ਰਿਆੜ ਦੱਸਿਆ ਕਿ ਸਮਾਜ ਦੀ ਭਲਾਈ ਲਈ ਇਸ ਤਰ੍ਹਾਂ ਦੇ ਸਿਹਤ ਕੈਂਪ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਇਸ ਮੌਕੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਮੁਕੁਲ ਚੋਪੜਾ, ਹੱਡੀਆਂ ਦੇ ਮਾਹਿਰ ਡਾਕਟਰ ਅਨੁਜ ਚੌਧਰੀ, ਡਾਕਟਰ ਸਬਨੀਤ ਸਿੰਘ, ਨਰਸਿੰਗ ਸੁਪਰਡੈਂਟ ਮੈਡਮ ਨਵਜੋਤ ਕੌਰ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।