ਚਾਰਾਂ ਵਿਧਾਨ ਸਭਾ ਹਲਕਿਆਂ ’ਚ ਬਣਨਗੀਆਂ 125 ਤੋਂ ਵੱਧ ਸੜਕਾਂ, ਠੇਕੇਦਾਰਾਂ ਨੂੰ ਨਿਰਧਾਰਤ ਸਮੇਂ ’ਚ ਕੰਮ ਮੁਕੰਮਲ ਕਰਨ ਦੇ ਨਿਰਦੇਸ਼

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਅਗਲੇ ਡੇਢ ਤੋਂ ਦੋ ਮਹੀਨੇ ’ਚ 125 ਤੋਂ ਵੱਧ ਸੜਕਾਂ ਦਾ ਨਿਰਮਾਣ ਕਰੇਗਾ। ਇਨ੍ਹਾਂ ’ਚ ਲੁੱਕ-ਬਜਰੀ, ਕੰਕਰੀਟ ਤੇ ਇੰਟਰਲਾਕਿੰਗ ਟਾਈਲਾਂ ਦੇ ਕੰਮ ਸ਼ਾਮਲ ਹਨ। ਕੰਕਰੀਟ ਦੀਆਂ ਕਈ ਸੜਕਾਂ ਦਾ ਨਿਰਮਾਣ ਸ਼ੁਰੂ ਵੀ ਹੋ ਚੁੱਕਾ ਹੈ। ਸਰਕਾਰ ਦੀ ਗ੍ਰਾਂਟ ਨਾਲ ਲਗਭਗ 40 ਕਰੋੜ ਰੁਪਏ ਦੇ ਕੰਮ ਹੋਣੇ ਹਨ। ਇਸ ਤੋਂ ਇਲਾਵਾ ਨਗਰ ਨਿਗਮ ਦੇ ਫੰਡ ਤੇ ਵਿਧਾਇਕਾਂ ਦੇ ਫੰਡ ਨਾਲ ਵੀ ਕੰਮ ਕਰਵਾਏ ਜਾਣਗੇ। ਆਉਣ ਵਾਲੇ ਦਿਨਾਂ ’ਚ ਕਰੀਬ 70 ਤੋਂ 80 ਕਰੋੜ ਰੁਪਏ ਦੇ ਕੰਮ ਹੋਣਗੇ। ਨਗਰ ਨਿਗਮ ਦੇ ਬਿਲਡਿੰਗ ਐਂਡ ਰੋਡਜ਼ ਵਿਭਾਗ ਨੇ ਚਾਰਾਂ ਵਿਧਾਨ ਸਭਾ ਹਲਕਿਆਂ ਜਲੰਧਰ ਕੈਂਟ, ਜਲੰਧਰ ਨਾਰਥ, ਵੈਸਟ ਤੇ ਸੈਂਟ੍ਰਲ ’ਚ ਸੜਕਾਂ ਦੇ ਨਿਰਮਾਣ ਲਈ ਤਰਜੀਹੀ ਸੂਚੀ ਤਿਆਰ ਕਰ ਲਈ ਹੈ। ਮੇਅਰ ਵਨੀਤ ਧੀਰ ਨੇ ਠੇਕੇਦਾਰਾਂ ਨਾਲ ਮੀਟਿੰਗ ਕਰਕੇ ਨਿਰਦੇਸ਼ ਦਿੱਤੇ ਹਨ ਕਿ ਸਾਰੇ ਕੰਮ ਨਿਰਧਾਰਤ ਸਮੇਂ ’ਚ ਪੂਰੇ ਕੀਤੇ ਜਾਣ। ਮੇਅਰ ਨੇ ਸੜਕਾਂ ਦੇ ਨਿਰਮਾਣ ਲਈ 45 ਦਿਨਾਂ ਦਾ ਸਮਾਂ ਤੈਅ ਕੀਤਾ ਹੈ। ਕੁਝ ਕੰਮ ਪਹਿਲਾਂ ਤੋਂ ਸ਼ੁਰੂ ਹੋਏ ਹੋਏ ਹਨ ਪਰ ਉਨ੍ਹਾਂ ਦੀ ਰਫ਼ਤਾਰ ਹੌਲੀ ਹੈ। ਮੇਅਰ ਨੇ ਨਿਰਦੇਸ਼ ਦਿੱਤੇ ਹਨ ਕਿ ਇਨ੍ਹਾਂ ਕੰਮਾਂ ਨੂੰ ਵੀ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ। ਕਰਤਾਰਪੁਰ ਵਿਧਾਨ ਸਭਾ ਹਲਕੇ ਦੇ ਕੁਝ ਕੰਮ ਵੀ ਕੀਤੇ ਜਾਣਗੇ ਕਿਉਂਕਿ ਕਰਤਾਰਪੁਰ ਦਾ ਇਕ ਛੋਟਾ ਇਲਾਕਾ ਨਗਰ ਨਿਗਮ ਦੀ ਹੱਦ ’ਚ ਆਉਂਦਾ ਹੈ। ਫਿਲਹਾਲ ਸਭ ਤੋਂ ਵੱਡਾ ਕੰਮ ਮਹਾਵੀਰ ਮਾਰਗ ਦਾ ਹੈ। ਇਹ ਸੜਕ ਸਰਫੇਸ ਵਾਟਰ ਪ੍ਰੋਜੈਕਟ ਲਈ ਲਗਭਗ ਇਕ ਸਾਲ ਪਹਿਲਾਂ ਤੋੜੀ ਗਈ ਸੀ ਤੇ ਹੁਣ ਤਿੰਨ ਦਿਨ ਪਹਿਲਾਂ ਇਸ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਹੈ। ਇਸ ਨੂੰ ਤਿਆਰ ਕਰਨ ’ਚ 15 ਤੋਂ 20 ਦਿਨ ਲੱਗ ਸਕਦੇ ਹਨ। ਇਸ ਤੋਂ ਬਾਅਦ ਗੁਰੂ ਤੇਗ ਬਹਾਦੁਰ ਨਗਰ ਤੋਂ ਗੁਰੂ ਰਵਿਦਾਸ ਮਹਾਰਾਜ ਚੌਕ ਤੱਕ ਦੀ ਸੜਕ ਬਣਾਈ ਜਾਵੇਗੀ। ਇਹ ਸੜਕ ਵੀ ਲਗਭਗ 8 ਮਹੀਨਿਆਂ ਤੋਂ ਟੁੱਟੀ ਹੋਈ ਹੈ। ਇਸੇ ਤਰ੍ਹਾਂ ਖਾਲਸਾ ਕਾਲਜ ਰੋਡ, ਇੰਡਸਟ੍ਰੀਅਲ ਏਰੀਆ ਸਮੇਤ ਕਈ ਸੜਕਾਂ ਦਾ ਨਿਰਮਾਣ ਕੀਤਾ ਜਾਣਾ ਹੈ। ਇਹ ਸੜਕਾਂ ਵੀ ਸਰਫੇਸ ਵਾਟਰ ਪ੍ਰੋਜੈਕਟ ਲਈ ਤੋੜੀਆਂ ਗਈਆਂ ਸਨ। ਇਨ੍ਹਾਂ ਦਾ ਕੰਮ ਸਮਾਰਟ ਸਿਟੀ ਕੰਪਨੀ ਦੇ ਫੰਡ ਨਾਲ ਹੋ ਰਿਹਾ ਹੈ। ਨਗਰ ਨਿਗਮ ਨੇ ਕੰਕਰੀਟ ਰੋਡ ਲਈ ਪੰਜ ਟੈਂਡਰ ਲਗਾਏ ਸਨ। ਚਾਰਾਂ ਹਲਕਿਆਂ ’ਚ ਕੰਕਰੀਟ ਨਾਲ 50 ਤੋਂ ਵੱਧ ਸੜਕਾਂ ਬਣਨਗੀਆਂ। ਮੇਅਰ ਵਨੀਤ ਧੀਰ ਨੇ ਮਹਾਵੀਰ ਮਾਰਗ ਦੇ ਕੰਮ ਦਾ ਜਾਇਜ਼ਾ ਵੀ ਲਿਆ ਤੇ ਸੈਂਪਲ ਵੀ ਭਰਵਾਏ।