- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਗਰਣ ਸੰਵਾਦਦਾਤਾ, ਜਲੰਧਰ :

ਜਾਗਰਣ ਸੰਵਾਦਦਾਤਾ, ਜਲੰਧਰ : ਸ਼ਹਿਰ ’ਚ ਸਟ੍ਰੀਟ ਲਾਈਟਾਂ ਦੇ ਹਾਲਾਤ ’ਚ ਕੋਈ ਸੁਧਾਰ ਨਹੀਂ ਆ ਰਿਹਾ। ਪ੍ਰਮੁੱਖ ਸੜਕਾਂ ਤੋਂ ਲੈ ਕੇ ਵੀਆਈਪੀ ਇਲਾਕਿਆਂ ਤੱਕ ਹਜ਼ਾਰਾਂ ਲਾਈਟਾਂ ਬੰਦ ਪਈਆਂ ਹਨ। ਸੰਸਦ ਮੈਂਬਰ, ਵਿਧਾਇਕ, ਮੰਤਰੀ ਸਮੇਤ ਵੱਖ-ਵੱਖ ਗ੍ਰਾਂਟਾਂ ਰਾਹੀਂ ਲਾਈਆਂ ਗਈਆਂ ਸਟ੍ਰੀਟ ਲਾਈਟਾਂ ਕਈ ਮਹੀਨਿਆਂ ਤੋਂ ਠੱਪ ਹਨ। ਇਸ ਸਮੇਂ ਲਗਪਗ 30 ਹਜ਼ਾਰ ਲਾਈਟਾਂ ’ਚੋਂ 10 ਹਜ਼ਾਰ ਤੋਂ ਵੱਧ ਲਾਈਟਾਂ ਕੰਮ ਨਹੀਂ ਕਰ ਰਹੀਆਂ। ਖਰਾਬ ਲਾਈਟਾਂ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਪਿਛਲੇ 2 ਸਾਲਾਂ ਤੋਂ ਰੱਖ-ਰਖਾਅ ਦਾ ਠੇਕਾ ਕਿਸੇ ਕੰਪਨੀ ਨੂੰ ਨਹੀਂ ਦਿੱਤਾ ਗਿਆ। ਲਾਈਟਾਂ ਬੰਦ ਹੋਣ ਕਾਰਨ ਅਪਰਾਧਿਕ ਤੱਤਾਂ ਨੂੰ ਫਾਇਦਾ ਮਿਲਦਾ ਹੈ ਤੇ ਹਨੇਰੇ ’ਚ ਲੁੱਟ-ਖੋਹ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਪਿਛਲੇ ਸਮੇਂ ਦੌਰਾਨ ਪਟੇਲ ਚੌਕ, ਫੁੱਟਬਾਲ ਚੌਕ, ਮਕਸੂਦਾਂ ’ਚ ਮੰਡੀ ਦੇ ਆਸ-ਪਾਸ, ਅਰਬਨ ਅਸਟੇਟ ਦੇ ਆਸ-ਪਾਸ ਦੇ ਇਲਾਕਿਆਂ ’ਚ ਅਜਿਹੀਆਂ ਘਟਨਾਵਾਂ ਵਧੀਆਂ ਹਨ। ਪਠਾਨਕੋਟ ਚੌਕ ਨੇੜੇ ਇਕ ਔਰਤ ਤੋਂ ਚੇਨ ਖੋਹਣ ਦੀ ਵਾਰਦਾਤ ਵਾਪਰੀ। ਡਿਫੈਂਸ ਕਾਲੋਨੀ ’ਚ ਇਕ ਨੌਜਵਾਨ ਤੋਂ ਮੋਬਾਈਲ ਖੋਹਿਆ ਗਿਆ, ਕਾਲਾ ਸੰਘਿਆਂ ਰੋਡ 'ਤੇ ਵੀ ਵਾਰਦਾਤਾਂ ਵਾਪਰੀਆਂ ਹਨ।
ਦੋ ਸਾਲ ਪਹਿਲਾਂ ਤੱਕ ਨਗਰ ਨਿਗਮ ਨੇ ਲਾਈਟਾਂ ਦੇ ਰੱਖ-ਰਖਾਅ ਦਾ ਠੇਕਾ ਦਿੱਤਾ ਹੋਇਆ ਸੀ ਪਰ ਠੇਕਾ ਖਤਮ ਹੋਣ ਮਗਰੋਂ ਨਗਰ ਨਿਗਮ ਨੇ ਢੁੱਕਵੇਂ ਪ੍ਰਬੰਧ ਨਹੀਂ ਕੀਤੇ। ਇਸ ਕਾਰਨ ਮੁਰੰਮਤ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ। ਨਗਰ ਨਿਗਮ ਨੇ ਐੱਲਈਡੀ ਕੰਪਨੀ ਐੱਚਪੀਐੱਲ ਇਲੈਕਟ੍ਰਿਕ ਲਿਮਟਿਡ ਤੋਂ 77 ਹਜ਼ਾਰ ਲਾਈਟਾਂ ਲਗਵਾਈਆਂ ਹਨ। ਇਸ ਤੋਂ ਪਹਿਲਾਂ ਜੋ ਲਾਈਟਾਂ ਲਾਈਆਂ ਗਈਆਂ ਸਨ, ਉਹ ਲਗਪਗ 30 ਹਜ਼ਾਰ ਹਨ ਤੇ ਕੰਪਨੀ ਇਨ੍ਹਾਂ ਦਾ ਰੱਖ-ਰਖਾਅ ਨਹੀਂ ਕਰ ਰਹੀ। ਖਾਸ ਤੌਰ 'ਤੇ ਸੈਂਟਰਲ ਵਰਜ ਵਾਲੀ ਮੇਨ ਰੋਡ 'ਤੇ ਲੱਗੀਆਂ ਲਗਪਗ 5500 ਲਾਈਟਾਂ ਦੀ ਸਮੱਸਿਆ ਵੱਧ ਹੈ, ਕਿਉਂਕਿ ਇਹ ਲਾਈਟਾਂ ਪੀਸੀਪੀ ਕੰਪਨੀ ਨੇ ਲਾਈਆਂ ਸਨ ਪਰ ਨਗਰ ਨਿਗਮ ਨੇ ਇਸ ਕੰਪਨੀ ਦਾ ਠੇਕਾ ਰੱਦ ਕਰ ਦਿੱਤਾ। ਪੀਸੀਪੀ ਕੰਪਨੀ ਇਸ ਮਾਮਲੇ ਨੂੰ ਆਰਬਿਟ੍ਰੇਸ਼ਨ ’ਚ ਲੈ ਗਈ ਹੈ। ਇਸ ਕਾਰਨ ਇਹ ਲਾਈਟਾਂ ਹੁਣ ਕੇਸ ਪ੍ਰਾਪਰਟੀ ਬਣ ਗਈਆਂ ਹਨ ਤੇ ਨਾ ਤਾਂ ਇਨ੍ਹਾਂ ਨੂੰ ਬਦਲਿਆ ਜਾ ਸਕਦਾ ਹੈ ਤੇ ਨਾ ਹੀ ਠੀਕ ਕੀਤਾ ਜਾ ਸਕਦਾ ਹੈ। ਨਗਰ ਨਿਗਮ ਇੱਥੇ ਆਰਜ਼ੀ ਤੌਰ 'ਤੇ ਐੱਲਈਡੀ ਸਟ੍ਰਿਪ ਲਾਈਟ ਲਾ ਕੇ ਕੰਮ ਚਲਾ ਰਿਹਾ ਹੈ।
ਬਾਕੀ ਗ੍ਰਾਂਟ ਰਾਹੀਂ ਲਾਈਆਂ ਗਈਆਂ ਲਾਈਟਾਂ ਦਾ ਰੱਖ-ਰਖਾਅ ਹੁਣ ਨਗਰ ਨਿਗਮ ਨੇ ਐੱਚਪੀਐੱਲ ਕੰਪਨੀ ਨੂੰ ਦੇਣ ਦਾ ਫੈਸਲਾ ਕੀਤਾ ਹੈ। ਟੈਂਡਰ ਪ੍ਰਕਿਰਿਆ ਪੂਰੀ ਹੋ ਚੁਕੀ ਹੈ ਪਰ ਕੰਮ ਸ਼ੁਰੂ ਹੋਣ ਵਿਚ ਦੇਰੀ ਹੈ। ਗ੍ਰਾਂਟ ਵਾਲੀਆਂ ਲਾਈਟਾਂ ਦਾ ਰੱਖ-ਰਖਾਅ ਲਗਪਗ ਦੋ ਸਾਲਾਂ ਤੋਂ ਨਹੀਂ ਹੋ ਰਿਹਾ। ਇੱਥੇ ਤੱਕ ਕਿ ਪਿਛਲੇ ਦੋ ਦੀਵਾਲੀਆਂ ਤੋਂ ਕਈ ਇਲਾਕਿਆਂ ’ਚ ਹਨੇਰਾ ਛਾਇਆ ਰਿਹਾ। ਸੈਂਟਰਲ ਵਰਜ ਵਾਲੀਆਂ ਜੋ ਲਾਈਟਾਂ ਬੰਦ ਹਨ, ਉਨ੍ਹਾਂ ’ਚ ਕਮਿਸ਼ਨਰ ਦਫਤਰ ਤੋਂ ਸੰਵਿਧਾਨ-ਬੀਐੱਮਸੀ ਚੌਕ, ਸੰਵਿਧਾਨ ਚੌਕ ਤੋਂ ਨਾਮਦੇਵ ਚੌਕ ਤੱਕ, ਮਹਾਵੀਰ ਮਾਰਗ ’ਤੇ ਵੀ ਵੱਡੀ ਗਿਣਤੀ ’ਚ ਲਾਈਟਾਂ ਲੰਬੇ ਸਮੇਂ ਤੋਂ ਖਰਾਬ ਹਨ।
ਬੀਐੱਮਸੀ ਚੌਕ ਤੋਂ ਨਾਮਦੇਵ ਚੌਕ ਵਾਲਾ ਰੋਡ ਸਭ ਤੋਂ ਅਹਿਮ ਹੈ, ਕਿਉਂਕਿ ਇਸੇ 'ਤੇ ਮੁੱਖ ਮੰਤਰੀ ਦਾ ਰਿਹਾਇਸ਼ ਹੈ। ਡਿਪਟੀ ਕਮਿਸ਼ਨਰ ਦਫਤਰ ਤੋਂ ਸੰਵਿਧਾਨ ਚੌਕ ਤੱਕ ਦੇ ਰਸਤੇ 'ਤੇ ਵੀ ਹਨੇਰਾ ਹੈ। ਇਸੇ ਰੂਟ ਤੋਂ ਰੋਜ਼ ਪੁਲਿਸ ਕਮਿਸ਼ਨਰ, ਐੱਸਡੀਐੱਮ, ਏਡੀਸੀ ਸਮੇਤ ਸਾਰੇ ਵੱਡੇ ਅਫਸਰ ਲੰਘਦੇ ਹਨ। ਹੈਰਾਨੀ ਦੀ ਗੱਲ ਹੈ ਕਿ ਨਗਰ ਨਿਗਮ ਦੇ ਮੁੱਖ ਦਫਤਰ ਦੇ ਬਾਹਰ ਵੀ ਸਟ੍ਰੀਟ ਲਾਈਟਾਂ ਬੰਦ ਪਈਆਂ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਨਗਰ ਨਿਗਮ ਆਪਣਾ ਦਫਤਰ ਨਹੀਂ ਰੋਸ਼ਨ ਕਰ ਸਕਦਾ ਤਾਂ ਪੂਰੇ ਸ਼ਹਿਰ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਟੈਂਡਰ ਫਾਈਨਲ ਹੋਣ ਦੇ ਨਾਲ ਹੀ ਕੰਮ ਜੰਗੀ ਪੱਧਰ 'ਤੇ ਸ਼ੁਰੂ ਹੋਵੇਗਾ। ਪਹਿਲਾਂ ਮੁੱਖ ਸੜਕਾਂ ਨੂੰ ਠੀਕ ਕੀਤਾ ਜਾਵੇਗਾ।
-----
ਸ਼ਹਿਰ ’ਚ ਕੁੱਲ ਸਟ੍ਰੀਟ ਲਾਈਟਾਂ 1.01 ਲੱਖ
ਐੱਚਪੀਐੱਲ ਕੰਪਨੀ : 71,000
ਪੀਸੀਪੀ ਕੰਪਨੀ : 5,000
ਗ੍ਰਾਂਟ ਰਾਹੀਂ ਲਾਈਆਂ ਲਾਈਟਾਂ : 24,000
---
ਕਿਹੜੀਆਂ ਥਾਵਾਂ ਕਿੰਨੀਆਂ ਲਾਈਟਾਂ ਬੰਦ
ਕਚਹਿਰੀ ਚੌਕ ਤੋਂ ਸੰਵਿਧਾਨ ਬੀਐੱਮਸੀ ਚੌਕ ਤੱਕ 10 ਸਟ੍ਰੀਟ ਲਾਈਟਾਂ ਹਨ ਪਰ ਸਾਰੀਆਂ ਦੀਆਂ ਸਾਰੀਆਂ ਬੰਦ ਪਈਆਂ ਹਨ। ਹਰ ਰੋਜ਼ ਇੱਥੇ ਜੁਡੀਸ਼ੀਅਲ ਅਧਿਕਾਰੀ, ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਸਮੇਤ ਕਈ ਪ੍ਰਸ਼ਾਸਨਿਕ ਅਧਿਕਾਰੀ ਆਉਂਦੇ-ਜਾਂਦੇ ਹਨ। ਸੰਵਿਧਾਨ-ਬੀਐੱਮਸੀ ਚੌਕ ਤੋਂ ਨਾਮਦੇਵ ਚੌਕ ਰੋਡ, ਜਿੱਥੇ ਮੁੱਖ ਮੰਤਰੀ ਦਾ ਰਿਹਾਇਸ਼ ਹੈ, ਉੱਥੇ ਵੀ ਕਈ ਲਾਈਟਾਂ ਬੰਦ ਹਨ। ਬੀਐੱਮਸੀ ਫਲਾਈਓਵਰ ਦੇ ਉੱਪਰ ਵੀ ਸਟ੍ਰਿਪ ਐੱਲਈਡੀ ਲਾ ਕੇ ਲਾਈਟਾਂ ਨੂੰ ਠੀਕ ਕੀਤਾ ਗਿਆ ਹੈ। ਨਾਮਦੇਵ ਚੌਕ ਤੋਂ ਪ੍ਰੈੱਸ ਕਲੱਬ ਚੌਕ ਤੱਕ 10 ਲਾਈਟਾਂ ਲਗੀਆਂ ਹਨ, ਜਿਨ੍ਹਾਂ ’ਚੋਂ ਸਿਰਫ ਇਕ ਚੱਲ ਰਹੀ ਹੈ। ਇਹ ਰਸਤਾ ਸ਼ਹਿਰ ਦੇ ਸਭ ਤੋਂ ਵੱਡੇ ਚਿਲਡਰਨ ਪਾਰਕ ਕੰਪਨੀ ਬਾਗ ਤੇ ਨਗਰ ਨਿਗਮ ਦੇ ਮੁੱਖ ਦਫਤਰ ਨੂੰ ਜੁੜਦਾ ਹੈ। ਨਗਰ ਨਿਗਮ ਦੇ ਮੁੱਖ ਦਫਤਰ ਦੇ ਬਾਹਰ 12 ਸਟ੍ਰੀਟ ਲਾਈਟਾਂ ਹਨ, ਜਿਨ੍ਹਾਂ ’ਚੋਂ ਸੱਤ ਚੱਲ ਰਹੀਆਂ ਹਨ ਤੇ ਪੰਜ ਬੰਦ ਹਨ। ਇੱਥੇ ਹਾਈ ਮਾਸਕ ਲਾਈਟਾਂ ਵੀ ਲੱਗੀਆਂ ਹਨ ਪਰ ਉਹ ਵੀ ਬੰਦ ਪਈਆਂ ਹਨ। ਭਗਵਾਨ ਵਾਲਮੀਕਿ ਚੌਕ ਨੇੜੇ 12 ਵਿੱਚੋਂ ਅੱਠ ਲਾਈਟਾਂ ਬੰਦ ਹਨ।