ਇਤਿਹਾਸਕ ਹੋਵੇਗੀ ਮੋਗਾ ਦੀ ‘ਬਦਲਾਅ ਰੈਲੀ’: ਸ਼ਾਰਦਾ
-ਮਲਸੀਆਂ ’ਚ ਭਾਜਪਾ ਆਗੂ
Publish Date: Fri, 27 Feb 2026 10:03 PM (IST)
Updated Date: Fri, 27 Feb 2026 10:07 PM (IST)
-ਮਲਸੀਆਂ ’ਚ ਭਾਜਪਾ ਆਗੂ ਤੇ ਵਰਕਰਾਂ ਨੂੰ ਕੀਤਾ ਲਾਮਬੰਦ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਭਾਰਤੀ ਜਨਤਾ ਪਾਰਟੀ ਆਗਾਮੀ ਵਿਧਾਨ ਸਭਾ ਚੋਣਾਂ ’ਚ ਪੰਜਾਬ ਦੀਆਂ ਸਾਰੀਆਂ 117 ਸੀਟਾਂ ‘ਤੇ ਆਪਣੇ ਦਮ ‘ਤੇ ਚੋਣ ਲੜਨ ਦੀ ਜ਼ੋਰਦਾਰ ਤਿਆਰੀ ਕਰ ਰਹੀ ਹੈ। ਇਸ ਵੱਡੀ ਸਿਆਸੀ ਮੁਹਿੰਮ ਦਾ ਰਸਮੀ ਆਗਾਜ਼ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮੋਗਾ ਵਿਖੇ ਹੋਣ ਜਾ ਰਹੀ ਵਿਸ਼ਾਲ ‘ਬਦਲਾਅ ਰੈਲੀ’ ਤੋਂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਭਾਜਪਾ ਵੱਲੋਂ ਮੋਗਾ ਰੈਲੀ ਲਈ ਸ਼ਾਹਕੋਟ ਹਲਕੇ ਦੇ ਲਗਾਏ ਗਏ ਇੰਚਾਰਜ ਉਮੇਸ਼ ਸ਼ਾਰਦਾ ਨੇ ਮਲਸੀਆਂ ਵਿਖੇ ਰੈਲੀ ਦੀਆਂ ਤਿਆਰੀਆਂ ਸਬੰਧੀ ਆਗੂਆਂ ਨਾਲ ਇਕ ਵਿਸ਼ੇਸ਼ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਮੀਟਿੰਗ ਦੌਰਾਨ ਵਰਕਰਾਂ ਨੂੰ ਲਾਮਬੰਦ ਕਰਦਿਆਂ ਉਮੇਸ਼ ਸ਼ਾਰਦਾ ਨੇ ਕਿਹਾ ਕਿ ਇਸ ਵਿਸ਼ੇਸ਼ ਇਕੱਤਰਤਾ ਦਾ ਮੁੱਖ ਮਕਸਦ ਪਾਰਟੀ ਵਰਕਰਾਂ ਦੀਆਂ ਨਾਰਾਜ਼ਗੀਆਂ ਦੂਰ ਕਰਕੇ ਉਨ੍ਹਾਂ ਨੂੰ ਇੱਕਜੁੱਟ ਕਰਨਾ ਹੈ ਤਾਂ ਜੋ ਮੋਗਾ ਰੈਲੀ ਵਿੱਚ ਸ਼ਾਹਕੋਟ ਹਲਕੇ ਤੋਂ ਇੱਕ ਬਹੁਤ ਵੱਡਾ ਤੇ ਇਤਿਹਾਸਕ ਕਾਫ਼ਲਾ ਲਿਜਾਇਆ ਜਾ ਸਕੇ। ਸੂਬੇ ਦੀ ਮੌਜੂਦਾ ਸਰਕਾਰ ਦੀ ਸਖ਼ਤ ਨੁਕਤਾਚੀਨੀ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਡਾਵਾਂਡੋਲ ਹੋ ਚੁੱਕੀ ਹੈ। ਹਰ ਰੋਜ਼ ਲੁੱਟਾਂ-ਖੋਹਾਂ ਅਤੇ ਸ਼ਰੇਆਮ ਕਤਲ ਹੋ ਰਹੇ ਹਨ। ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਛੇੜੇ ਗਏ ਅਖੌਤੀ ਯੁੱਧ ਦੇ ਬਾਵਜੂਦ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ ਅਤੇ ਪਿੰਡ-ਪਿੰਡ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਇਨ੍ਹਾਂ ਹਾਲਾਤਾਂ ਤੋਂ ਸੂਬੇ ਦੇ ਲੋਕ ਅੱਕ ਚੁੱਕੇ ਹਨ ਅਤੇ ਹੁਣ ਪੰਜਾਬ ਦੀ ਜਨਤਾ ਭਾਜਪਾ ਨੂੰ ਇੱਕ ਮਜ਼ਬੂਤ ਬਦਲ ਵਜੋਂ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ਰੈਲੀ ਇਤਿਹਾਸਕ ਹੋਵੇਗੀ ਅਤੇ ਮੋਗਾ ਦੀ ਬਦਲਾਅ ਰੈਲੀ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਮੀਲ ਪੱਥਰ ਸਾਬਤ ਹੋਵੇਗੀ।
ਇਸ ਮੌਕੇ ਹਲਕਾ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ, ਹਲਕਾ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ, ਸੀਨੀਅਰ ਆਗੂ ਡਾ. ਅਮਰਜੀਤ ਸਿੰਘ ਥਿੰਦ, ਸਹਾਇਕ ਰੈਲੀ ਇੰਚਾਰਜ ਅਮਿਤ ਵਿੱਜ, ਸਟੇਟ ਕਮੇਟੀ ਮੈਂਬਰ ਸੁਦਰਸ਼ਨ ਸੋਬਤੀ, ਜ਼ਿਲ੍ਹਾ ਸਕੱਤਰ ਰਜਿੰਦਰ ਸਿੰਘ ਲਾਟੀਆ, ਮਲਸੀਆਂ ਮੰਡਲ ਪ੍ਰਧਾਨ ਦਲਬੀਰ ਸਭਰਵਾਲ, ਸ਼ਾਹਕੋਟ ਮੰਡਲ ਪ੍ਰਧਾਨ ਸੰਜਮ ਮੈਸਨ, ਮੰਡਲ ਪ੍ਰਧਾਨ ਰੋਬਿਨ ਸ਼ਰਮਾ, ਰਵੀਸ਼ ਗੋਇਲ, ਅਮਰਜੀਤ ਸਿੰਘ ਪਟਵਾਰੀ, ਡਾ. ਕਸ਼ਮੀਰ ਸਿੰਘ, ਬੂਟਾ ਸਿੰਘ, ਪ੍ਰੇਮ ਕੁਮਾਰ, ਅੰਮ੍ਰਿਤ ਲਾਲ ਕਾਕਾ ਸਮੇਤ ਦਰਜਨਾਂ ਦੀ ਗਿਣਤੀ ਵਿੱਚ ਪਾਰਟੀ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।