ਕੈਨੇਡੀਅਨ ਸੰਸਦ ਮੈਂਬਰਾਂ ਦੀ ਵਿਧਾਇਕ ਸ਼ੇਰੋਵਾਲੀਆ ਨੇ ਕੀਤੀ ਮੇਜ਼ਬਾਨੀ

- ਮੰਦੀ ਦਾ ਦੌਰ ਆਰਜ਼ੀ, ਸਰਕਾਰ ਪ੍ਰਵਾਸੀਆਂ ਦੇ ਮਸਲੇ ਹੱਲ ਕਰਨ ਲਈ ਤਤਪਰ : ਕੈਨੇਡੀਅਨ ਆਗੂ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ
ਸ਼ਾਹਕੋਟ : ਪੰਜਾਬ ਦੌਰੇ ’ਤੇ ਆਏ ਕੈਨੇਡੀਅਨ ਸੰਸਦ ਮੈਂਬਰਾਂ ਦਾ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਆਪਣੇ ਗ੍ਰਹਿ ਮਲਸੀਆਂ ਵਿਖੇ ਭਰਵਾਂ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ ਗਈ। ਸ਼ੇਰੋਵਾਲੀਆ ਵੱਲੋਂ ਐਡਮਿੰਟਨ ਤੋਂ ਮੈਂਬਰ ਪਾਰਲੀਮੈਂਟ ਤੇ ਕੰਜ਼ਰਵੇਟਿਵ ਪਾਰਟੀ ਦੇ ਡਿਪਟੀ ਲੀਡਰ ਟਿਮ ਉੱਪਲ, ਕੈਲਗਰੀ ਤੋਂ ਐਮਪੀ ਜਸਰਾਜ ਸਿੰਘ ਹੱਲਣ ਅਤੇ ਐੱਮਪੀ ਅਮਨਪ੍ਰੀਤ ਸਿੰਘ ਗਿੱਲ ਸਮੇਤ ਹੋਰਨਾਂ ਵਿਦੇਸ਼ੀ ਮਹਿਮਾਨਾਂ ਦਾ ਉਚੇਚੇ ਤੌਰ ’ਤੇ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਵਿਧਾਇਕ ਸ਼ੇਰੋਵਾਲੀਆ ਦੇ ਕੈਨੇਡੀਅਨ ਐੱਮਪੀ ਟਿਮ ਉੱਪਲ ਨਾਲ ਪਰਿਵਾਰਕ ਸਬੰਧ ਹਨ। ਇਸੇ ਕਰਕੇ ਸ਼ੇਰੋਵਾਲੀਆ ਨੂੰ ਮਿਲਣ ਲਈ ਉੱਪਲ ਤੇ ਉਨ੍ਹਾਂ ਦੇ ਸਾਥੀ ਐੱਮਪੀ ਵਿਸ਼ੇਸ਼ ਤੌਰ ‘ਤੇ ਮਲਸੀਆਂ ਪਹੁੰਚੇ। ਇਸ ਖਾਣੇ ਦੀ ਦਾਅਵਤ ਵਿਚ ਜਲੰਧਰ ਕੈਂਟ ਤੋਂ ਵਿਧਾਇਕ ਤੇ ਸਾਬਕਾ ਮੰਤਰੀ ਪਰਗਟ ਸਿੰਘ, ਕਪੂਰਥਲਾ ਤੋਂ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ, ਨਕੋਦਰ ਕਾਂਗਰਸ ਦੇ ਹਲਕਾ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ, ਉੱਘੇ ਕਾਰੋਬਾਰੀ ਅਜਮੇਰ ਸਿੰਘ ਖਾਲਸਾ ਸਮੇਤ ਖਹਿਰਾ ਪਰਿਵਾਰ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਇਸ ਮੌਕੇ ਪੰਜਾਬ ਦੇ ਆਗੂਆਂ ਵੱਲੋਂ ਕੈਨੇਡੀਅਨ ਐਮਪੀਜ਼ ਨਾਲ ਉਨ੍ਹਾਂ ਦੇ ਪੰਜਾਬ ਦੌਰੇ ਬਾਰੇ ਗੱਲਬਾਤ ਕਰਨ ਤੋਂ ਇਲਾਵਾ ਪੰਜਾਬ ਅਤੇ ਕੈਨੇਡਾ ਦੀ ਸਿਆਸਤ, ਮੌਜੂਦਾ ਕੌਮਾਂਤਰੀ ਮੁੱਦਿਆਂ ਅਤੇ ਖਾਸ ਤੌਰ ‘ਤੇ ਇਮੀਗ੍ਰੇਸ਼ਨ ਕਾਨੂੰਨਾਂ ਵਿੱਚ ਆਈ ਸਖ਼ਤੀ ਕਾਰਨ ਕੈਨੇਡਾ ਵਿਚ ਪੰਜਾਬੀ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ‘ਤੇ ਕੈਨੇਡਾ ਦੇ ਐੱਮਪੀਜ਼ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੈਨੇਡਾ ਵਿੱਚ ਵਿਦਿਆਰਥੀਆਂ ਦੀ ਲਗਾਤਾਰ ਵੱਧ ਰਹੀ ਗਿਣਤੀ, ਕੁਝ ਮਾਪਿਆਂ ਵੱਲੋਂ ਜਾਣੇ-ਅਣਜਾਣੇ ਵਿੱਚ ਹੋਈਆਂ ਕੁਤਾਹੀਆਂ ਅਤੇ ਆਰਥਿਕ ਉਤਰਾਅ-ਚੜ੍ਹਾਅ ਕਾਰਨ ਬੇਸ਼ੱਕ ਮੌਜੂਦਾ ਸਮੇਂ ਵਿਚ ਕੁਝ ਚੁਣੌਤੀਆਂ ਪੈਦਾ ਹੋਈਆਂ ਹਨ, ਪਰ ਉੱਥੋਂ ਦੀ ਸੰਜੀਦਾ ਸਰਕਾਰ ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਲਈ ਪੂਰੀ ਤਰ੍ਹਾਂ ਤਤਪਰ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਆਲਮੀ ਆਰਥਿਕ ਮੰਦੀ ਅਤੇ ਕੁਝ ਸਥਾਨਕ ਸਮੱਸਿਆਵਾਂ ਕਾਰਨ ਪੈਦਾ ਹੋਇਆ ਇਹ ਖਲਾਅ ਅਸਥਾਈ ਹੈ। ਆਉਣ ਵਾਲੇ ਸਮੇਂ ਵਿੱਚ ਨਿਯਮਾਂ ਅੰਦਰ ਸਾਕਾਰਾਤਮਕ ਬਦਲਾਅ ਲਿਆਂਦੇ ਜਾਣਗੇ ਅਤੇ ਕੈਨੇਡਾ ਵਿੱਚ ਪੜ੍ਹ ਰਹੇ ਮਿਹਨਤੀ, ਨੇਕ-ਨੀਅਤ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਨੌਜਵਾਨਾਂ ਲਈ ਸਫ਼ਲਤਾ ਦੇ ਦਰਵਾਜ਼ੇ ਮੁੜ ਖੁੱਲ੍ਹਣਗੇ। ਇਸ ਮੌਕੇ ਵਿਧਾਇਕ ਸ਼ੇਰੋਵਾਲੀਆ ਵੱਲੋਂ ਆਏ ਮਹਿਮਾਨਾਂ ਤੇ ਹੋਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕੈਨੇਡੀਅਨ ਸੰਸਦ ਮੈਂਬਰਾਂ ਦੇ ਨਾਲ ਕੈਲਗਰੀ ਤੋਂ ਕਾਰੋਬਾਰੀ ਗੁਰਜਿੰਦਰ ਸਿੰਘ ਗਿੱਲ, ਅੰਮ੍ਰਿਤ ਹੇਅਰ, ਸੁਖਵਿੰਦਰ ਸਿੰਘ ਚੋਹਲਾ, ਗੁਰਮੀਤ ਸਿੰਘ ਦਿਓ ਸਰੀ, ਸੁਖਵਿੰਦਰ ਸਿੰਘ ਸਮਰਾ ਸਰੀ, ਮਨਜੀਤ ਸਿੰਘ ਸੰਘੇੜਾ, ਹਰਵਿੰਦਰ ਸਿੰਘ ਸਮਰਾ, ਕੁਲਦੀਪ ਸਿੰਘ ਲੇਹਲ ਸਮੇਤ ਕੁਲਵੰਤ ਸਿੰਘ ਚੱਠਾ ਯੂਕੇ, ਬਲਵਿੰਦਰ ਸਿੰਘ ਚੱਠਾ ਯੂਐੱਸਏ, ਸੁਰਿੰਦਰ ਸਿੰਘ, ਸੰਦੀਪ ਸਿੰਘ ਖਹਿਰਾ, ਸੰਤੋਖ ਸਿੰਘ ਖਹਿਰਾ, ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ, ਚਰਨਜੀਤ ਸਿੰਘ ਸ਼ੇਰੋਵਾਲੀਆ, ਸੁਖਦੀਪ ਸਿੰਘ ਸੋਨੂੰ ਕੰਗ ਪੀਏ, ਗੁਰਿੰਦਰ ਸਿੰਘ ਬਹੁਗੁਣ ਆਦਿ ਹਾਜ਼ਰ ਸਨ।