ਵਿਧਾਇਕ ਸ਼ੇਰੋਵਾਲੀਆ ਨੇ ਤਲਵੰਡੀ ਮਾਧੋ ਦੇ ਲੋਕਾਂ ਦੀ ਕੀਤੀ ਹੌਸਲਾ ਅਫ਼ਜਾਈ
ਵਿਧਾਇਕ ਸ਼ੇਰੋਵਾਲੀਆ ਨੇ ਤਲਵੰਡੀ ਮਾਧੋ ਦੇ ਲੋਕਾਂ ਦੀ ਕੀਤੀ ਹੌਂਸਲਾ ਅਫਜ਼ਾਈ
Publish Date: Sun, 12 Apr 2026 06:21 PM (IST)
Updated Date: Mon, 13 Apr 2026 04:13 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ : ਪਿੰਡ ਤਲਵੰਡੀ ਮਾਧੋ ਦੇ ਲੋਕਾਂ ਵੱਲੋਂ ਸਰਪੰਚ ਅਮਰੀਕ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਵਿਸ਼ੇਸ਼ ਤੌਰ ’ਤੇ ਪਿੰਡ ਪਹੁੰਚ ਕੇ ਪੁਲਿਸ ਦੇ ਸਹਿਯੋਗ ਨਾਲ ਨਸ਼ਾ ਤਸਕਰਾਂ ਨੂੰ ਫੜਾਉਣ ਵਾਲੀ ਪੰਚਾਇਤ ਤੇ ਪਿੰਡ ਵਾਸੀਆਂ ਦਾ ਸਨਮਾਨ ਕਰਦਿਆਂ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ। ਵਿਧਾਇਕ ਸ਼ੇਰੋਵਾਲੀਆ ਨੇ ਕਿਹਾ ਕਿ ਨਾਲ ਲੱਗਦੇ ਪਿੰਡ ਲਾਟੀਆਂਵਾਲ ਵੱਲੋਂ ਤਲਵੰਡੀ ਮਾਧੋ ਤੇ ਆਸ-ਪਾਸ ਦੇ ਪਿੰਡਾਂ ’ਚ ਨਸ਼ੇ ਦੀ ਵੱਡੀ ਪੱਧਰ ’ਤੇ ਸਪਲਾਈ ਕੀਤੀ ਜਾ ਰਹੀ ਸੀ। ਇਸ ਕੋਹੜ ਨੂੰ ਰੋਕਣ ਲਈ ਪਿੰਡ ਵਾਸੀਆਂ ਨੇ ਇਕਜੁੱਟ ਹੋ ਕੇ ਪਿੰਡ ਲਾਟੀਆਂਵਾਲ ਨੂੰ ਜਾਣ ਵਾਲੇ ਰਸਤਿਆਂ ‘ਤੇ ਘੇਰਾਬੰਦੀ ਕੀਤੀ ਤੇ ਨਸ਼ਾ ਤਸਕਰਾਂ ਸਮੇਤ ਨਸ਼ਾ ਕਰਨ ਵਾਲਿਆਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸ਼ਲਾਘਾਯੋਗ ਕਾਰਵਾਈ ਵਿੱਚ ਸ਼ਾਹਕੋਟ ਅਤੇ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਵੀ ਪਿੰਡ ਵਾਸੀਆਂ ਦਾ ਪੂਰਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਤਲਵੰਡੀ ਮਾਧੋ ਦੇ ਵਸਨੀਕਾਂ ਨੇ ਜੋ ਹਿੰਮਤ ਅਤੇ ਏਕਤਾ ਦਿਖਾਈ ਹੈ, ਉਸ ਤੋਂ ਹੋਰਨਾਂ ਪਿੰਡਾਂ ਦੇ ਲੋਕਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਸੱਦਾ ਦਿੱਤਾ ਕਿ ਜੇਕਰ ਲੋਕ ਇਸੇ ਤਰ੍ਹਾਂ ਨਸ਼ਿਆਂ ਖ਼ਿਲਾਫ਼ ਇੱਕਜੁੱਟ ਹੋ ਕੇ ਮੈਦਾਨ ਵਿੱਚ ਨਿੱਤਰਨ, ਤਾਂ ਪੰਜਾਬ ’ਚੋਂ ਨਸ਼ਿਆਂ ਦਾ ਮੁਕੰਮਲ ਖ਼ਾਤਮਾ ਕੀਤਾ ਜਾ ਸਕਦਾ ਹੈ। ਇਸ ਮੌਕੇ ਸਰਪੰਚ ਅਮਰੀਕ ਸਿੰਘ, ਸੁਖਦੀਪ ਸਿੰਘ ਸੋਨੂੰ ਕੰਗ ਪੀਏ, ਪੰਚ ਨਰਿੰਦਰ ਸਿੰਘ, ਪੰਚ ਕੁਲਵੰਤ ਸਿੰਘ, ਪੰਚ ਬਿੱਕਰ ਸਿੰਘ, ਜਸਪਾਲ ਸਿੰਘ ਭੱਟੀ, ਜੋਗਿੰਦਰ ਸਿੰਘ ਕਿੱਕੀ, ਗੁਰਮੁਖ ਸਿੰਘ ਸ਼ੇਰਾ, ਗੁਰਪ੍ਰੀਤ ਸਿੰਘ ਗੋਪੀ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ, ਸੁਸਾਇਟੀ ਪ੍ਰਧਾਨ ਲਖਵੀਰ ਸਿੰਘ, ਗੁਰਬਚਨ ਸਿੰਘ, ਗੁਰਦੀਪ ਸਿੰਘ ਦੀਪਾ, ਜਿੰਦੂ, ਚਮਕੌਰ, ਕਮਲਜੀਤ ਸਿੰਘ ਸੰਧੂ, ਗੁਰਦੇਵ ਸਿੰਘ ਸੰਧੂ, ਹੈਪੀ, ਪਵਿੱਤਰ ਸਿੰਘ ਨੰਬਰਦਾਰ, ਕੁਲਰਾਜ ਸਿੰਘ ਰਾਜਾ, ਬਖਸ਼ੀਸ਼ ਸਿੰਘ ਜਵੰਦਾ, ਅਮਨਾ ਆਦਿ ਪਿੰਡ ਵਾਸੀ ਹਾਜ਼ਰ ਸਨ।