ਡਾ. ਯਸ਼ਪਾਲ ਨੂੰ ਮਿਲੇ ਵਿਧਾਇਕ ਹੈਨਰੀ, ਕਾਨੂੰਨ-ਵਿਵਸਥਾ ਨੂੰ ਲੈ ਕੇ ਚਿੰਤਾ ਪ੍ਰਗਟਾਈ
ਡਾ. ਯਸ਼ਪਾਲ ਨਾਲ ਮਿਲੇ ਵਿਧਾਇਕ ਹੈਨਰੀ, ਕਾਨੂੰਨ-ਵਿਵਸਥਾ ਨੂੰ ਲੈ ਕੇ ਚਿੰਤਾ ਪ੍ਰਗਟਾਈ
Publish Date: Sun, 01 Mar 2026 08:32 PM (IST)
Updated Date: Mon, 02 Mar 2026 04:14 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਨਾਰਥ ਵਿਧਾਨ ਸਭਾ ਖੇਤਰ ਦੇ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਐਤਵਾਰ ਨੂੰ ਸੰਤੋਖਪੁਰਾ ’ਚ ਡਾ. ਯਸ਼ਪਾਲ ਨੂੰ ਮਿਲੇ। ਪੰਜਾਬ ਸਰਕਾਰ ਦੇ ਵੈਟਰਨਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਯਸ਼ਪਾਲ ਦੇ ਨਿਵਾਸ ’ਤੇ ਅਣਪਛਾਤੇ ਲੋਕਾਂ ਵੱਲੋਂ ਸ਼ਨੀਵਾਰ ਸਵੇਰੇ ਕਈ ਫਾਇਰ ਕੀਤੇ ਗਏ ਸਨ। ਗਨੀਮਤ ਇਹ ਰਹੀ ਕਿ ਇਸ ਫਾਇਰਿੰਗ ’ਚ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਨੁਕਸਾਨ ਨਹੀਂ ਪਹੁੰਚਿਆ। ਗੋਲੀਆਂ ਘਰ ਦੀ ਕੰਧ, ਗੇਟ ਤੇ ਗੱਡੀ ’ਤੇ ਲੱਗੀਆਂ। ਇਸ ਨਾਲ ਪੂਰਾ ਪਰਿਵਾਰ ਤੇ ਆਸ-ਪਾਸ ਦੇ ਰਹਿਣ ਵਾਲੇ ਲੋਕ ਦਹਿਸ਼ਤ ’ਚ ਹਨ। ਵਿਧਾਇਕ ਨੇ ਡਾ. ਯਸ਼ਪਾਲ ਤੋਂ ਇਸ ਸਬੰਧੀ ਪੂਰੀ ਜਾਣਕਾਰੀ ਲਈ। ਉਨ੍ਹਾਂ ਨਾਲ ਕਾਂਗਰਸੀ ਆਗੂ ਪਰਮਜੀਤ ਸਿੰਘ ਪੰਮਾ ਵੀ ਮੌਜੂਦ ਸਨ। ਇਸ ਇਲਾਕੇ ਤੋਂ ਪਰਮਜੀਤ ਸਿੰਘ ਪੰਮਾ ਦੀ ਪਤਨੀ ਰੀਨਾ ਕੌਰ ਕੌਂਸਲਰ ਹਨ। ਵਿਧਾਇਕ ਹੈਨਰੀ ਨੇ ਇਸ ਮੌਕੇ ਕਿਹਾ ਕਿ ਪੰਜਾਬ ’ਚ ਕਾਨੂੰਨ-ਵਿਵਸਥਾ ਦੀ ਹਾਲਤ ਹੁਣ ਤੱਕ ਦੇ ਸਭ ਤੋਂ ਮਾੜੇ ਦੌਰ ’ਚੋਂ ਗੁਜ਼ਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਲਈ ਹੁਣ ਕੋਈ ਵੀ ਥਾਂ ਸੁਰੱਖਿਅਤ ਨਹੀਂ ਰਹੀ। ਜਿਹੜੇ ਡਾਕਟਰ ਲੋਕਾਂ ਦੀ ਜ਼ਿੰਦਗੀ ਬਚਾਉਂਦੇ ਹਨ, ਉਹ ਵੀ ਇਸ ਵੇਲੇ ਅਪਰਾਧਿਕ ਤੱਤਾਂ ਦੇ ਨਿਸ਼ਾਨੇ ’ਤੇ ਹਨ ਤੇ ਪੰਜਾਬ ਸਰਕਾਰ ਦੀ ਪ੍ਰਣਾਲੀ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਵੇਰੇ ਡਾ. ਯਸ਼ਪਾਲ ਦੇ ਘਰ ਗੋਲੀਬਾਰੀ ਹੁੰਦੀ ਹੈ ਤੇ ਸ਼ਾਮ ਨੂੰ ਵਰਦਾਨ ਹਸਪਤਾਲ ’ਤੇ ਫਾਇਰਿੰਗ ਹੋ ਜਾਂਦੀ ਹੈ, ਪਰ ਇਸ ਦੇ ਬਾਵਜੂਦ ਵੀ ਸਰਕਾਰ ਕਾਨੂੰਨ-ਵਿਵਸਥਾ ਮਜ਼ਬੂਤ ਕਰਨ ਲਈ ਕੋਈ ਕਦਮ ਨਹੀਂ ਚੁੱਕ ਰਹੀ।