ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਦੇ ਸਕੱਤਰ ਨੂੰ ਮਿਲੇ ਵਿਧਾਇਕ ਚੌਧਰੀ
ਮੋਹੱਲਾ ਕਲਸੀ ਨਗਰ ਦੇ ਮਾਮਲੇ ’ਚ ਸੜਕ ਪਰਿਵਹਨ ਤੇ ਰਾਜਮਾਰਗ ਮੰਤਰਾਲੇ ਦੇ ਸਕੱਤਰ ਵੀ ਉਮਾਸ਼ੰਕਰ ਨਾਲ ਮਿਲੇ ਵਿਧਾਇਕ ਚੌਧਰੀ
Publish Date: Thu, 09 Apr 2026 10:52 PM (IST)
Updated Date: Thu, 09 Apr 2026 10:53 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਫਿਲੌਰ ਦੇ ਮੁਹੱਲਾ ਕਲਸੀ ਨਗਰ ਨੂੰ ਢਾਹੁਣ ਦੇ ਆਏ ਹੁਕਮਾਂ ਨੇ ਸਥਾਨਕ ਨਿਵਾਸੀਆਂ ’ਚ ਗੰਭੀਰ ਚਿੰਤਾ ਪੈਦਾ ਕਰ ਦਿੱਤੀ ਹੈ। ਇਸ ਮਸਲੇ ਸਬੰਧੀ ਸਥਾਨਕ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਮੁਹੱਲਾ ਕਲਸੀ ਨਗਰ ’ਚ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਅੱਜ ਨਵੀਂ ਦਿੱਲੀ ’ਚ ਭਾਰਤ ਸਰਕਾਰ ਦੇ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਦੇ ਸਕੱਤਰ ਵੀ ਉਮਾਸ਼ੰਕਰ ਨਾਲ ਮੁਲਾਕਾਤ ਕੀਤੀ ਤੇ ਫਿਲੌਰ ਦੇ ਕਲਸੀ ਨਗਰ ’ਚ ਪ੍ਰਸਤਾਵਿਤ ਢਾਹੁਣ ਦੇ ਮਸਲੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ। ਵਿਧਾਇਕ ਚੌਧਰੀ ਨੇ ਪ੍ਰਭਾਵਿਤ ਪਰਿਵਾਰਾਂ ਦੀਆਂ ਚਿੰਤਾਵਾਂ ਨੂੰ ਸਾਹਮਣੇ ਰੱਖਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਨਾਂ ਇਕ ਮੰਗ ਪੱਤਰ ਵੀ ਸੌਂਪਿਆ ਤੇ ਇਸ ਮਾਮਲੇ ’ਚ ਤੁਰੰਤ ਤੇ ਮਨੁੱਖੀ ਦ੍ਰਿਸ਼ਟੀਕੋਣ ਨਾਲ ਹੱਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨੇ ਕਲਸੀ ਨਗਰ ਦੇ ਨਿਵਾਸੀਆਂ ਦੇ ਘਰਾਂ ਤੇ ਰੁਜ਼ਗਾਰ ਦੀ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਤੇ ਨਿਆਂਪੂਰਨ ਹੱਲ ਤੱਕ ਉਨ੍ਹਾਂ ਦੇ ਨਾਲ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਮੁਹੱਲਾ ਕਲਸੀ ਨਗਰ ਦੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਇਸ ਬੇਇਨਸਾਫੀ ਖ਼ਿਲਾਫ਼ ਪੂਰੀ ਤਾਕਤ ਨਾਲ ਲੜਾਈ ਲੜੀ ਜਾਵੇਗੀ। ਮੁਹੱਲਾ ਕਲਸੀ ਨਗਰ ’ਚ ਪਿਛਲੇ 40 ਸਾਲਾਂ ਤੋਂ ਲੋਕ ਰਹਿ ਰਹੇ ਹਨ ਤੇ ਉੱਥੇ ਲਗਭਗ 250 ਦੁਕਾਨਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਕਰੀਬ 200 ਪਰਿਵਾਰ ਇਸ ਮੁਹੱਲੇ ’ਚ ਵੱਸਦੇ ਹਨ। ਜੇ ਇਹ ਮੁਹੱਲਾ ਖਾਲੀ ਕਰਵਾਇਆ ਗਿਆ ਤਾਂ ਇਹ ਸਾਰੇ ਪਰਿਵਾਰ ਬੇਘਰ ਹੋ ਜਾਣਗੇ।