ਬਸੰਤ ਪੰਚਮੀ ਦੇ ਮੌਕੇ ਭਜਨ ਸੰਧਿਆ ਕਰਵਾਈ
ਮਿਥਿਲਾ ਪੂਜਾ ਸੇਵਾ ਸਮਿਤੀ ਵੱਲੋਂ ਬਸੰਤ ਪੰਚਮੀ ਦੇ ਮੌਕੇ ਭਜਨ ਸੰਧਿਆ ਕਰਵਾਈ
Publish Date: Sat, 24 Jan 2026 06:57 PM (IST)
Updated Date: Sun, 25 Jan 2026 04:16 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਿਥਿਲਾ ਪੂਜਾ ਸੇਵਾ ਸਮਿਤੀ ਕਮਲ ਵਿਹਾਰ ਵੱਲੋਂ ਬਸੰਤ ਪੰਚਮੀ ਦੇ ਪਾਵਨ ਮੌਕੇ ’ਤੇ ਸ਼ਰਧਾ ਤੇ ਭਗਤੀ ਭਾਵ ਨਾਲ ਭਰਪੂਰ ਇਕ ਭਜਨ ਸੰਧਿਆ ਕਰਵਾਈ। ਇਸ ਅਧਿਆਤਮਕ ਸਮਾਗਮ ’ਚ ਦਿਵ੍ਯ ਜਯੋਤੀ ਜਾਗ੍ਰਿਤੀ ਸੰਸਥਾਨ ਤੋਂ ਗੁਰੂਦੇਵ ਆਸ਼ੁਤੋਸ਼ ਮਹਾਰਾਜ ਦੀ ਸ਼ਿਸ਼ਿਆ ਸਾਧਵੀ ਮੇਧਾਵੀ ਭਾਰਤੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਭਜਨ ਸੰਧਿਆ ਦੌਰਾਨ ਸਾਧਵੀ ਮੇਧਾਵੀ ਭਾਰਤੀ ਨੇ ਆਪਣੇ ਪ੍ਰੇਰਣਾਦਾਇਕ ਵਿਚਾਰਾਂ ’ਚ ਕਿਹਾ ਕਿ ਬਸੰਤ ਪੰਚਮੀ ਕੇਵਲ ਰਿਤੂ ਪਰਿਵਰਤਨ ਦਾ ਤਿਉਹਾਰ ਨਹੀਂ ਹੈ, ਸਗੋਂ ਇਹ ਗਿਆਨ, ਵਿਵੇਕ ਤੇ ਆਤਮਿਕ ਜਾਗਰੂਕਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ ਬਸੰਤ ਰਿਤੂ ਪ੍ਰਕਿਰਤੀ ’ਚ ਨਵੀਂ ਊਰਜਾ ਤੇ ਉਤਸ਼ਾਹ ਭਰ ਦਿੰਦੀ ਹੈ, ਉਸੇ ਤਰ੍ਹਾਂ ਸਤਿਗੁਰੂ ਦਾ ਗਿਆਨ ਮਨੁੱਖੀ ਜੀਵਨ ਨੂੰ ਅਗਿਆਨ ਦੇ ਅੰਧਕਾਰ ਤੋਂ ਬਾਹਰ ਕੱਢ ਕੇ ਪ੍ਰਕਾਸ਼ ਵੱਲ ਲੈ ਜਾਂਦਾ ਹੈ। ਉਨ੍ਹਾਂ ਨੇ ਮਾਤਾ ਸਰਸਵਤੀ ਦੇ ਮਹੱਤਵ ’ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਸੱਚੀ ਵਿਦਿਆ ਉਹੀ ਹੈ ਜੋ ਸਾਨੂੰ ਆਤਮ-ਗਿਆਨ ਵੱਲ ਅੱਗੇ ਵਧਾਏ ਤੇ ਜੀਵਨ ’ਚ ਸਕਾਰਾਤਮਕ ਬਦਲਾਅ ਲਿਆਵੇ। ਭਜਨਾਂ ਦੇ ਮਾਧਿਅਮ ਨਾਲ ਹਾਜ਼ਰ ਸ਼ਰਧਾਲੂਆਂ ਨੇ ਆਧਿਆਤਮਕ ਆਨੰਦ ਦੀ ਅਨੁਭੂਤੀ ਕੀਤੀ ਤੇ ਸਾਰਾ ਵਾਤਾਵਰਣ ਭਗਤੀ ਰਸ ਨਾਲ ਸਰਾਬੋਰ ਹੋ ਗਿਆ। ਕਾਰਜਕ੍ਰਮ ਦੇ ਅੰਤ ’ਚ ਸਮਿਤੀ ਦੇ ਮੈਂਬਰਾਂ ਨੇ ਸਾਧਵੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਸਮਾਜ ’ਚ ਆਧਿਆਤਮਿਕ ਚੇਤਨਾ ਤੇ ਸੰਸਕ੍ਰਿਤਕ ਮੁੱਲਾਂ ਨੂੰ ਮਜ਼ਬੂਤ ਕਰਦੇ ਹਨ। ਵੱਡੀ ਗਿਣਤੀ ’ਚ ਸ਼ਰਧਾਲੂਆਂ ਦੀ ਹਾਜ਼ਰੀ ਨੇ ਇਸ ਸਮਾਗਮ ਨੂੰ ਸਫਲ ਤੇ ਯਾਦਗਾਰ ਬਣਾ ਦਿੱਤਾ। ਇਸ ਮੌਕੇ ਸਾਧਵੀ ਮੇਧਾਵੀ ਭਾਰਤੀ ਦੇ ਨਾਲ ਸਾਧਵੀ ਪੱਲਵੀ ਭਾਰਤੀ, ਸਾਧਵੀ ਰੀਤਾ ਭਾਰਤੀ ਤੇ ਸਾਧਵੀ ਵਸੁਧਾ ਭਾਰਤੀ ਵੀ ਹਾਜ਼ਰ ਰਹੇ। ਇਸ ਦੇ ਨਾਲ ਹੀ ਭਾਰਤੀ ਪੂਜਾ ਸੇਵਾ ਸਮਿਤੀ ਵੱਲੋਂ ਦੁੱਖਮੋਚਨ ਮਿਸ਼ਰਾ, ਚੰਦਰ ਮੋਹਨ ਝਾ, ਐੱਸਕੇ ਝਾ, ਚੰਦਨ ਮਿਸ਼ਰਾ, ਰਾਜੇਸ਼ ਪਾਠਕ ਤੇ ਪ੍ਰਭਾਸ ਝਾਅ ਸਮੇਤ ਹੋਰ ਸਖ਼ਸ਼ੀਅਤਾਂ ਮੌਜੂਦ ਸਨ।