ਪਤੰਗ ਲੁੱਟਣ ਦੇ ਚੱਕਰ ’ਚ ਰੀੜ੍ਹ ਦੀ ਹੱਡੀ ਟੁੱਟੀ
ਪਤੰਗ ਲੁੱਟਣ ਦੀ ਕੋਸ਼ਿਸ਼ ਦੌਰਾਨ ਛੱਤ ਤੋਂ ਡਿੱਗਣ ਨਾਲ ਨਾਬਾਲਗ ਵਿਦਿਆਰਥੀ ਦੀ ਰੀੜ੍ਹ ਦੀ ਹੱਡੀ ਟੁੱਟੀ
Publish Date: Sat, 24 Jan 2026 09:32 PM (IST)
Updated Date: Sat, 24 Jan 2026 09:34 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਗੋਪਾਲ ਨਗਰ ’ਚ ਇਕ ਨਾਬਾਲਗ ਵਿਦਿਆਰਥੀ ਪਤੰਗ ਲੁੱਟਣ ਦੀ ਕੋਸ਼ਿਸ਼ ਦੌਰਾਨ ਛੱਤ ਤੋਂ ਡਿੱਗ ਪਿਆ ਤੇ ਗੰਭੀਰ ਜ਼ਖਮੀ ਹੋ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚੇ ਇਲਾਕੇ ’ਚ ਪਤੰਗ ਉਡਾ ਰਹੇ ਸਨ। ਜ਼ਖਮੀ ਵਿਦਿਆਰਥੀ ਦੀ ਪਛਾਣ ਸੂਰਜ ਵਜੋਂ ਹੋਈ ਹੈ। ੳਹ ਇਕ ਸਰਕਾਰੀ ਸਕੂਲ ’ਚ ਛੇਵੀਂ ਜਮਾਤ ਦਾ ਵਿਦਿਆਰਥੀ ਹੈ। ਇਸ ਹਾਦਸੇ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਸੂਰਜ ਪਤੰਗ ਉਡਾਉਣ ਲਈ 15 ਫੁੱਟ ਉੱਚੀ ਛੱਤ ’ਤੇ ਚੜ੍ਹਿਆ ਸੀ। ਉਹ ਆਪਣਾ ਸੰਤੁਲਨ ਗੁਆ ਬੈਠਾ ਤੇ ਡਿੱਗ ਪਿਆ, ਜਿਸ ਕਾਰਨ ਗੰਭੀਰ ਸੱਟਾਂ ਲੱਗੀਆਂ। ਰਾਹਗੀਰਾਂ ਨੇ ਤੁਰੰਤ ਉਸਦੇ ਪਰਿਵਾਰ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਜ਼ਖਮੀ ਬੱਚੇ ਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਦਾ ਕਹਿਣਾ ਹੈ ਕਿ ਸੂਰਜ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਹੈ। ਉਹ ਇਸ ਸਮੇਂ ਹਸਪਤਾਲ ’ਚ ਇਲਾਜ ਅਧੀਨ ਹੈ ਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੂਰਜ ਦਾ ਪਿਤਾ ਪੇਸ਼ੇ ਤੋਂ ਮਿਸਤਰੀ ਹੈ।