ਜਲੰਧਰ ’ਚ ਵਿਆਹ ਦਾ ਝਾਂਸਾ ਦੇ ਕੇ ਨਾਬਾਲਿਗ ਕੁੜੀਆਂ ਹੋ ਰਹੀਆਂ ਅਗਵਾ
ਜਲੰਧਰ ’ਚ ਵਿਆਹ ਦਾ ਝਾਂਸਾ ਦੇ ਕੇ ਨਾਬਾਲਿਗ ਕੁੜੀਆਂ ਦਾ ਅਗਵਾ
Publish Date: Sun, 01 Mar 2026 08:37 PM (IST)
Updated Date: Mon, 02 Mar 2026 04:14 AM (IST)

- ਵਿਆਹ ਕਰਵਾਉਣ ਦੇ ਵਾਅਦੇ ਕਰ ਕੇ ਭਜਾਈਆਂ ਜਾ ਰਹੀਆਂ ਕੁੜੀਆਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਪਿਛਲੇ ਦੋ ਮਹੀਨਿਆਂ ਦੌਰਾਨ ਨਾਬਾਲਿਗ ਕੁੜੀਆਂ ਦੇ ਅਗਵਾ ਹੋਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ’ਚ ਨਾਬਾਲਿਗ ਕੁੜੀਆਂ ਨੂੰ ਭਜਾ ਕੇ ਲੈ ਜਾਣ ਲਈ ਵਿਆਹ ਦਾ ਝਾਂਸਾ ਦਿੱਤਾ ਗਿਆ ਹੈ। ਪੁਲਿਸ ਵੱਲੋਂ ਐੱਫਆਈਆਰ ਤਾਂ ਦਰਜ ਕੀਤੀਆਂ ਗਈਆਂ ਹਨ ਪਰ ਜ਼ਿਆਦਾਤਰ ਮਾਮਲਿਆਂ ’ਚ ਮੁਲਜ਼ਮ ਹੋਰ ਸੂਬਿਆਂ ’ਚ ਜਾ ਕੇ ਲੁਕ ਜਾਂਦੇ ਹਨ, ਜਿਸ ਕਾਰਨ ਉਹ ਪੁਲਿਸ ਦੇ ਹੱਥ ਨਹੀਂ ਆ ਰਹੇ। ਪਿਛਲੇ ਦੋ ਮਹੀਨਿਆਂ ’ਚ ਹੀ ਜਲੰਧਰ ਪੁਲਿਸ ਨੇ ਲਾਪਤਾ ਹੋਈਆਂ ਕੁੜੀਆਂ, ਜਿਨ੍ਹਾਂ ’ਚ ਜ਼ਿਆਦਾਤਰ ਨਾਬਾਲਿਗ ਹਨ, ਦੇ ਲਗਪਗ 40 ਤੋਂ ਵੱਧ ਮਾਮਲੇ ਦਰਜ ਕੀਤੇ ਹਨ। ਕਈ ਮਾਮਲਿਆਂ ’ਚ ਲਾਪਤਾ ਹੋਈਆਂ ਕੁੜੀਆਂ ਦੇ ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਕੁੜੀਆਂ ਨੂੰ ਅੱਗੇ ਲਿਜਾ ਕੇ ਵੇਚਿਆ ਜਾ ਰਿਹਾ ਹੈ। ਨਵੰਬਰ ਮਹੀਨੇ ’ਚ ਨਾਰਥ ਇਲਾਕੇ ਤੋਂ ਤਿੰਨ ਕੁੜੀਆਂ ਅਗਵਾ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਖੁਦ ਕੁੜੀਆਂ ਨੂੰ ਲੱਭ ਲਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ’ਚ ਲੈ ਜਾ ਕੇ ਵੇਚਿਆ ਗਿਆ ਸੀ। ਉਨ੍ਹਾਂ ਨੂੰ ਇਕ ਹੋਟਲ ’ਚ ਰੱਖਿਆ ਗਿਆ ਤੇ ਉਨ੍ਹਾਂ ਨਾਲ ਗ਼ਲਤ ਕੰਮ ਵੀ ਕੀਤਾ ਗਿਆ। ਇਹ ਵੀ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਕੁੜੀਆਂ ਨੂੰ ਅੱਗੇ ਵੇਚਿਆ ਗਿਆ, ਜਿਸ ’ਚ ਹੋਟਲ ਦਾ ਮਾਲਕ ਵੀ ਸ਼ਾਮਲ ਸੀ। ਇਸ ਮਾਮਲੇ ’ਚ ਲਵ ਜਿਹਾਦ ਦਾ ਐਂਗਲ ਵੀ ਸਾਹਮਣੇ ਆਇਆ ਸੀ, ਕਿਉਂਕਿ ਬਰਾਮਦ ਕੁੜੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਲੈ ਜਾਣ ਵਾਲਿਆਂ ਦੇ ਨਾਮ ਵੀ ਗ਼ਲਤ ਸਨ ਤੇ ਜਿਨ੍ਹਾਂ ਨੇ ਖਰੀਦਿਆ ਉਹ ਵੀ ਦੂਜੇ ਧਰਮ ਨਾਲ ਸਬੰਧਤ ਸਨ। ਕਈ ਮਾਮਲੇ ਆ ਚੁੱਕੇ ਹਨ ਸਾਹਮਣੇ ਸੁਭਾਨਪੁਰ ’ਚ ਪੁਲਿਸ ਨੇ ਇਕ ਨਾਬਾਲਿਗ ਕੁੜੀ ਦੇ ਅਗਵਾ ਦੇ ਦੋਸ਼ ’ਚ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਪਰਿਵਾਰ ਨੇ ਕਿਹਾ ਕਿ ਮੁਲਜ਼ਮ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਵਰਗਲਾ ਕੇ ਲੈ ਗਿਆ। ਸ਼ਿਕਾਇਤ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਕੁਝ ਹਫ਼ਤੇ ਪਹਿਲਾਂ ਸਦਰ ਨਕੋਦਰ ਥਾਣੇ ਅਧੀਨ ਇਕ 17 ਸਾਲ ਦੀ ਕੁੜੀ ਨੂੰ ਇਕ ਅਣਪਛਾਤੇ ਵਿਅਕਤੀ ਨੇ ਵਿਆਹ ਦੇ ਇਰਾਦੇ ਨਾਲ ਬੁਲਾਇਆ ਤੇ ਅਗਵਾ ਕਰ ਲਿਆ। ਇਕ ਹੋਰ ਮਾਮਲਾ ਲੋਹੀਆਂ ’ਚ ਸਾਹਮਣੇ ਆਇਆ, ਜਿੱਥੇ ਇਕ 13 ਸਾਲ ਦੀ ਕੁੜੀ ਨੂੰ ਵਰਗਲਾ ਕੇ ਦੂਜੇ ਸੂਬੇ ’ਚ ਲਿਜਾਇਆ ਗਿਆ। ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਜਾਂਚ ਜਾਰੀ ਹੈ ਪਰ ਅਜੇ ਤੱਕ ਕੁੜੀ ਦਾ ਕੋਈ ਪਤਾ ਨਹੀਂ ਲੱਗਿਆ। ਇਕ ਹੋਰ ਮਾਮਲੇ ’ਚ ਨੂਰਮਹਿਲ ਪੁਲਿਸ ਨੇ ਇਕ ਕੁੜੀ ਨੂੰ ਘਰੋਂ ਭਜਾ ਕੇ ਲੈ ਜਾਣ ਦੀ ਸ਼ਿਕਾਇਤ ਦਰਜ ਕੀਤੀ ਜਿਸ ’ਚ ਦੋਸ਼ ਸੀ ਕਿ ਮੁਲਜ਼ਮ ਨੇ ਵਿਆਹ ਦਾ ਝਾਂਸਾ ਦਿੱਤਾ ਸੀ। ਜ਼ਿਆਦਾਤਰ ਮਾਮਲਿਆਂ ’ਚ ਦੂਜੇ ਸੂਬਿਆਂ ਦੀਆਂ ਕੁੜੀਆਂ ਬਣ ਰਹੀਆਂ ਨਿਸ਼ਾਨਾ ਇਨ੍ਹਾਂ ਸਾਰੇ ਮਾਮਲਿਆਂ ’ਚ ਇਕ ਸਾਂਝੀ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਕੁੜੀਆਂ ਦੂਜੇ ਰਾਜਾਂ ਨਾਲ ਸਬੰਧਤ ਸਨ ਤੇ ਉਨ੍ਹਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਇਆ ਗਿਆ। ਪੁਲਿਸ ਕੋਲ ਇਨ੍ਹਾਂ ਮਾਮਲਿਆਂ ਦੀਆਂ ਸੀਸੀਟੀਵੀ ਫੁਟੇਜ ਵੀ ਹਨ ਪਰ ਜ਼ਿਆਦਾਤਰ ਮਾਮਲਿਆਂ ’ਚ ਮੁਲਜ਼ਮ ਹੋਰ ਰਾਜਾਂ ’ਚ ਨਿਕਲ ਜਾਂਦੇ ਹਨ, ਜਿਸ ਨਾਲ ਪੁਲਿਸ ਦੀ ਮੁਸ਼ਕਲ ਵੱਧ ਜਾਂਦੀ ਹੈ। ਪਿਛਲੇ ਦੋ ਮਹੀਨਿਆਂ ’ਚ ਜਲੰਧਰ ਪੁਲਿਸ ਨੇ ਕੁਝ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਨਾਬਾਲਿਗ ਕੁੜੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇਹ ਮਾਮਲੇ ਵੀ ਪੁਲਿਸ ਨੇ ਹੋਰ ਸੂਬਿਆਂ ਦੀ ਪੁਲਿਸ ਨਾਲ ਮਿਲ ਕੇ ਟ੍ਰੇਸ ਕੀਤੇ ਹਨ। ------------------------ ਨਾਰਥ ਇਲਾਕੇ ’ਚ ਅਗਵਾ ਦੇ ਕਈ ਮਾਮਲੇ ਆਏ ਸਾਹਮਣੇ : ਕੇਡੀ ਭੰਡਾਰੀ ਸਾਬਕਾ ਸੀਪੀਐੱਸ ਕੇਡੀ ਭੰਡਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ’ਚ ਅਗਵਾ ਦੇ ਕਈ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਕੁੜੀਆਂ ਨੂੰ ਭਜਾ ਕੇ ਲੈ ਜਾਣ ਦੀਆਂ ਸ਼ਿਕਾਇਤਾਂ ਪੁਲਿਸ ਨੂੰ ਦਿੱਤੀਆਂ ਗਈਆਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਲੱਗਦਾ ਹੈ ਕੋਈ ਗਿਰੋਹ ਕੁੜੀਆਂ ਦਾ ਅਗਵਾ ਕਰ ਕੇ ਉਨ੍ਹਾਂ ਨੂੰ ਵੇਚ ਰਿਹਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲਾਪਤਾ ਕੁੜੀਆਂ ਨੂੰ ਜਲਦੀ ਲੱਭਿਆ ਜਾਵੇ ਤੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।