ਹਾਈਵੇ ਕਰਾਸ ਕਰਦੇ ਪਰਵਾਸੀ ਦੀ ਕਾਰ ਨਾਲ ਟੱਕਰ ਮਗਰੋਂ ਮੌਤ
ਹਾਈਵੇ ਕਰਾਸ ਕਰਦੇ ਪ੍ਰਵਾਸੀ ਨੂੰ ਅਣਪਛਾਤੀ ਕਾਰ ਦੀ ਟੱਕਰ, ਮੌਕੇ ’ਤੇ ਮੌਤ
Publish Date: Wed, 11 Feb 2026 11:37 PM (IST)
Updated Date: Wed, 11 Feb 2026 11:38 PM (IST)

-ਥਾਣਾ ਮਕਸੂਦਾ ਤੇ ਕਰਤਾਰਪੁਰ ਪੁਲਿਸ ਹੱਦਬੰਦੀ ’ਚ ਉਲਝੀ ਰਹੀ ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਅੱਡਾ ਬੱਲਾਂ ਗੇਟ ਸਾਹਮਣੇ ਸਰਮਸਤਪੁਰ ਵਿਖੇ ਇਕ ਹਾਦਸੇ ਦੌਰਾਨ ਹਾਈਵੇ ਕਰਾਸ ਕਰ ਰਹੇ ਪਰਵਾਸੀ ਦੀ ਤੇਜ਼ ਰਫਤਾਰ ਅਣਪਛਾਤੀ ਕਾਰ ਦੀ ਟੱਕਰ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਸ਼ਾਮ ਕਰੀਬ 7:30 ਵਜੇ ਐੱਸਐੱਸਐੱਫ (ਸੜਕ ਸੁਰੱਖਿਆ ਫੋਰਸ) ਨੂੰ ਸੂਚਨਾ ਮਿਲੀ ਕਿ ਉਕਤ ਸਥਾਨ ’ਤੇ ਇਕ ਸੜਕ ਹਾਦਸਾ ਵਾਪਰਿਆ ਹੈ। ਮੌਕੇ ’ਤੇ ਪਹੁੰਚੇ ਐੱਸਐੱਸਐੱਫ ਟੀਮ ਦੇ ਇੰਚਾਰਜ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਦਿਨੇਸ਼ ਕੁਮਾਰ ਪੁੱਤਰ ਲਾਲੂ ਵਾਸੀ ਬਿਹਾਰ ਵਜੋਂ ਹੋਈ ਹੈ। ਉਹ ਹਾਈਵੇ ਕਰਾਸ ਕਰ ਰਿਹਾ ਸੀ ਜਦੋਂ ਇਕ ਤੇਜ਼ ਰਫਤਾਰ ਕਾਰ ਨੇ ਉਸ ਨੂੰ ਜਬਰਦਸਤ ਟੱਕਰ ਮਾਰ ਦਿੱਤੀ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕਾਰ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਦੇ ਸਾਥੀਆਂ ਨੇ ਗੁੱਸੇ ’ਚ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਧਰਨਾ ਲਗਾ ਕੇ ਜਾਮ ਕਰ ਦਿੱਤਾ। ਹਾਲਾਤ ਤਣਾਅਪੂਰਨ ਹੋ ਗਏ ਤੇ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਕਾਫੀ ਵੱਧ ਗਿਆ। ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਸਥਿਤੀ ਇਸ ਕਦਰ ਗੰਭੀਰ ਸੀ ਕਿ ਐੱਸਐੱਸਐੱਫ ਦੀ ਗੱਡੀ ਨੂੰ ਨੁਕਸਾਨ ਪਹੁੰਚਣ ਦਾ ਵੀ ਖਤਰਾ ਬਣ ਗਿਆ ਸੀ। ਇਸ ਦੌਰਾਨ ਹੱਦਬੰਦੀ ਨੂੰ ਲੈ ਕੇ ਥਾਣਾ ਕਰਤਾਰਪੁਰ ਤੇ ਥਾਣਾ ਮਕਸੂਦਾਂ ਦੀ ਪੁਲਿਸ ’ਚ ਉਲਝਣ ਬਣੀ ਰਹੀ। ਦੋਵੇਂ ਥਾਣਿਆਂ ਵੱਲੋਂ ਸ਼ੁਰੂਆਤੀ ਤੌਰ ’ਤੇ ਮਾਮਲੇ ਨੂੰ ਆਪਣੇ ਖੇਤਰ ਅਧੀਨ ਨਾ ਹੋਣ ਦੀ ਗੱਲ ਕਹੀ ਗਈ। ਬਾਅਦ ’ਚ ਐੱਸਐੱਸਐੱਫ ਵੱਲੋਂ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਗਿਆ, ਜਿਸ ਉਪਰੰਤ ਪੁਲਿਸ ਫੋਰਸ ਮੌਕੇ ’ਤੇ ਪਹੁੰਚੀ ਤੇ ਹਾਲਾਤ ਕਾਬੂ ’ਚ ਕੀਤੇ ਗਏ। ਮੌਕੇ ’ਤੇ ਥਾਣਾ ਮਕਸੂਦਾ ਦੇ ਆਈਓ ਮਹੇਸ਼ ਕੁਮਾਰ ਨੂੰ ਸੱਦ ਕੇ ਕੇਸ ਉਨ੍ਹਾਂ ਦੇ ਹਵਾਲੇ ਕੀਤਾ ਗਿਆ। ਇਸ ਦੌਰਾਨ ਦੋਵੇਂ ਥਾਣਿਆਂ ਦੇ ਐੱਸਐੱਚਓ ਤੇ ਪੁਲਿਸ ਟੀਮਾਂ ਵੀ ਮੌਜੂਦ ਰਹੀਆਂ। ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਕਰੀਬ ਦੋ ਘੰਟਿਆਂ ਦੀ ਜੱਦੋ-ਜਹਿਦ ਬਾਅਦ ਹਾਈਵੇ ’ਤੇ ਲੱਗਿਆ ਜਾਮ ਖੁਲ੍ਹਵਾਇਆ ਤੇ ਆਵਾਜਾਈ ਨੂੰ ਮੁੜ ਸੁਚਾਰੂ ਕੀਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਫਰਾਰ ਕਾਰ ਚਾਲਕ ਦੀ ਭਾਲ ਜਾਰੀ ਹੈ।