ਲਾਭਕਾਰੀ ਪਹਿਲ ਸਾਬਤ ਹੋ ਰਹੀ ਹੈ ਟੈਲੀ ਮਾਨਸ ਸੇਵਾ : ਡਾ. ਗਰਗ
ਇਕ ਕਾਲ ਨਾਲ ਮਾਨਸਿਕ ਸਹਾਇਤਾ: ਟੈਲੀ-ਮਾਨਸ 24x7 ਟੋਲ-ਫ੍ਰੀ ਸੇਵਾ ਉਪਲਬਧ - ਸਿਵਲ ਸਰਜਨ ਡਾ. ਰਾਜੇਸ਼ ਗਰਗ
Publish Date: Wed, 18 Feb 2026 08:24 PM (IST)
Updated Date: Wed, 18 Feb 2026 08:27 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਟੈਲੀ-ਮਾਨਸ ਸੇਵਾ ਸਬੰਧੀ ਵਿਆਪਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਮਾਨਸਿਕ ਤਣਾਅ ਜਾਂ ਕਿਸੇ ਵੀ ਪ੍ਰਕਾਰ ਦੀ ਮਨੋਵਿਗਿਆਨਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਤੱਕ ਮਾਹਿਰਾਂ ਦੀ ਸਲਾਹ ਤੁਰੰਤ ਤੇ ਸਹਿਜਤਾ ਨਾਲ ਪਹੁੰਚ ਸਕੇ। ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 10 ਅਕਤੂਬਰ 2022 ਤੋਂ ਸ਼ੁਰੂ ਕੀਤੀ ਗਈ ਟੈਲੀ-ਮਾਨਸ ਸੇਵਾ ਲੋਕਾਂ ਲਈ ਇਕ ਮਹੱਤਵਪੂਰਨ ਤੇ ਲਾਭਦਾਇਕ ਪਹਿਲ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਟੈਲੀ ਮਾਨਸ ਦੀ ਆਪਣੀ ਇਕ ਮੋਬਾਈਲ ਐਪ ਹੈ, ਜਿਸ ’ਚ ਕਈ ਤਰ੍ਹਾਂ ਦੇ ਮੁੱਦਿਆਂ ਨਸ਼ੀਲੇ ਪਦਾਰਥਾਂ ਦੀ ਦੂਰਵਰਤੋਂ, ਡਿਪਰੈਸ਼ਨ, ਚਿੰਤਾ, ਤਣਾਅ, ਵਿੱਤੀ ਤਨਾਅ, ਸੰਕਟ ਪ੍ਰਬੰਧਨ ਤੇ ਪਰਿਵਾਰਿਕ ਮੁੱਦਿਆਂ ਬਾਰੇ ਸਲਾਹ ਮਸ਼ਵਰਾ ਕਾਲ ਤੇ ਪ੍ਰਦਾਨ ਕੀਤਾ ਜਾਂਦਾ ਹੈ। ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਟੈਲੀ-ਮਾਨਸ ਇਕ ਟੋਲ-ਫ੍ਰੀ ਹੈਲਪਲਾਈਨ ਹੈ ਜੋ 24 ਘੰਟੇ ਤੇ ਹਫ਼ਤੇ ਦੇ ਸੱਤੋਂ ਦਿਨ ਉਪਲਬਧ ਹੈ, ਜਿੱਥੇ ਮਾਨਸਿਕ ਸਿਹਤ ਨਾਲ ਸਬੰਧਤ ਸਮੱਸਿਆਵਾਂ ਲਈ ਟ੍ਰੇਂਨਡ ਤੇ ਤਜਰਬੇਕਾਰ ਕਾਉਂਸਲਰਾਂ ਵੱਲੋਂ ਪੂਰੀ ਤਰ੍ਹਾਂ ਮੁਫ਼ਤ ਤੇ ਗੋਪਨੀਯ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮਾਨਸਿਕ ਸਿਹਤ, ਸ਼ਾਰੀਰੀਕ ਸਿਹਤ ਜਿੰਨੀ ਹੀ ਮਹੱਤਵਪੂਰਨ ਹੈ ਤੇ ਸਮੇਂ ਸਿਰ ਮਾਹਿਰਾਂ ਦੀ ਸਲਾਹ ਲੈਣ ਨਾਲ ਗੰਭੀਰ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਟੋਲ-ਫਰੀ ਹੈਲਪਲਾਈਨ ਨੰਬਰ 1800-89-14416 ’ਤੇ ਕਾਲ ਕਰਕੇ ਟੈਲੀ ਮਾਨਸ ਸੇਵਾ ਦਾ ਲਾਭ ਲੈ ਸਕਦਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਟੈਲੀ ਮਾਨਸ ਸੇਵਾ ਰਾਹੀਂ ਚਿੰਤਾ, ਤਣਾਅ, ਡਿਪ੍ਰੈਸ਼ਨ, ਘਬਰਾਹਟ, ਨਸ਼ਾ ਛੁਡਾਉਣ ਸੰਬੰਧੀ ਸਮੱਸਿਆਵਾਂ ਜਾਂ ਹੋਰ ਮਨੋਵਿਗਿਆਨਕ ਉਲਝਣਾਂ ਲਈ ਸਿੱਧੀ ਗੱਲਬਾਤ ਰਾਹੀਂ ਮਦਦ ਪ੍ਰਾਪਤ ਕੀਤੀ ਜਾ ਸਕਦੀ ਹੈ। ਸੇਵਾ ਲੈਣ ਵਾਲੇ ਵਿਅਕਤੀ ਦੀ ਪਹਿਚਾਣ ਤੇ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ। ਉਨ੍ਹਾਂ ਨੇ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਫੀਲਡ ਸਟਾਫ਼ ਨੂੰ ਨਿਰਦੇਸ਼ ਦਿੱਤੇ ਕਿ ਪਿੰਡਾਂ ਤੇ ਸ਼ਹਿਰੀ ਖੇਤਰਾਂ ’ਚ ਵੱਧ ਤੋਂ ਵੱਧ ਜਾਗਰੂਕਤਾ ਯਕੀਨੀ ਬਣਾਈ ਜਾਵੇ ਤਾਂ ਜੋ ਹਰ ਲੋੜਵੰਦ ਵਿਅਕਤੀਆਂ ਤੱਕ ਇਸ ਮਹੱਤਵਪੂਰਨ ਸੇਵਾ ਦੀ ਜਾਣਕਾਰੀ ਪਹੁੰਚੇ ਤੇ ਕੋਈ ਵੀ ਮਨੋਵਿਗਿਆਨਕ ਪਰੇਸ਼ਾਨੀ ਨਾਲ ਇਕੱਲਾ ਨਾ ਰਹੇ।