ਮਾਨਸਿਕ ਤਣਾਅ ਨੇ ਲਈ ਇਕ ਹੋਰ ਜਾਨ
ਮਾਨਸਿਕ ਤਣਾਅ ਨੇ ਲਈ ਇਕ ਹੋਰ ਜਾਨ
Publish Date: Tue, 03 Mar 2026 09:54 PM (IST)
Updated Date: Tue, 03 Mar 2026 09:56 PM (IST)

-ਕੋਟ ਮੁਹੱਲਾ ’ਚ ਨੌਜਵਾਨ ਨੇ ਕੀਤੀ ਖੁਦਕੁਸ਼ੀ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਮੰਗਲਵਾਰ ਦੇਰ ਸ਼ਾਮ ਥਾਣਾ ਨੰਬਰ ਪੰਜ ਦੀ ਹੱਦ ’ਚ ਪੈਂਦੇ ਬਸਤੀ ਸ਼ੇਖ ਦੇ ਕੋਟ ਮੁਹੱਲਾ ’ਚ ਇਕ ਨੌਜਵਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੌਤਮ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਗੌਤਮ ਆਮ ਵਾਂਗ ਕੰਮ ਤੋਂ ਘਰ ਵਾਪਸ ਆਇਆ ਸੀ। ਕੁਝ ਸਮੇਂ ਬਾਅਦ ਉਹ ਆਪਣੇ ਕਮਰੇ ’ਚ ਚਲਾ ਗਿਆ। ਜਦੋਂ ਉਹ ਕਾਫ਼ੀ ਦੇਰ ਤੱਕ ਵਾਪਸ ਨਹੀਂ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਆਵਾਜ਼ ਮਾਰੀ ਪਰ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤੇ ਉਸ ਨੂੰ ਪੱਖੇ ਨਾਲ ਲਟਕਿਆ ਹੋਇਆ ਪਾਇਆ। ਪਰਿਵਾਰ ਨੇ ਤੁਰੰਤ ਹੇਠਾਂ ਲਾਹ ਕੇ ਹਸਪਤਾਲ ਲਿਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਪਰ ਉਦੋਂ ਤੱਕ ਮੌਤ ਹੋ ਚੁੱਕੀ ਸੀ। ਸੂਚਨਾ ਮਿਲਦਿਆਂ ਹੀ ਏਸੀਪੀ ਆਤਿਸ਼ ਭਾਟੀਆ, ਥਾਣਾ ਨੰਬਰ 5 ਦੀ ਪੁਲਿਸ ਮੌਕੇ ਤੇ ਪੁੱਜੀ ਤੇ ਜਾਂਚ ਸ਼ੁਰੂ ਕਰ ਦਿੱਤੀ। ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਗੌਤਮ ਕੁਝ ਸਮੇਂ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਸੀ। ਵਿਆਹੁਤਾ ਝਗੜਿਆਂ ਕਾਰਨ ਤਣਾਅ ਵਿੱਚ ਸੀ। ਇਸ ਤੋਂ ਇਲਾਵਾ ਜਦੋਂ ਉਸ ਦੇ ਮਕਾਨ ਮਾਲਕ ਨੇ ਚੋਰੀ ਦਾ ਦੋਸ਼ ਲਾਇਆ ਤੇ 50,000 ਰੁਪਏ ਦੀ ਮੰਗ ਕੀਤੀ ਤਾਂ ਉਹ ਬਹੁਤ ਦਬਾਅ ਹੇਠ ਸੀ। ਉਸ ਦੇ ਪਰਿਵਾਰ ਦਾ ਦੋਸ਼ ਹੈ ਕਿ ਇਨ੍ਹਾਂ ਹਾਲਾਤ ਨੇ ਉਸ ਨੂੰ ਡੂੰਘੇ ਮਾਨਸਿਕ ਦਬਾਅ ’ਚ ਧੱਕ ਦਿੱਤਾ। ਏਸੀਪੀ ਆਤਿਸ਼ ਭਾਟੀਆ ਨੇ ਕਿਹਾ ਕਿ ਕੰਟਰੋਲ ਰੂਮ ਤੋਂ ਸੂਚਨਾ ਮਿਲਦਿਆਂ ਹੀ ਇਕ ਪੁਲਿਸ ਟੀਮ ਮੌਕੇ ਤੇ ਪਹੁੰਚੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਨੌਜਵਾਨ ਪਿਛਲੇ ਕੁਝ ਦਿਨਾਂ ਤੋਂ ਤਣਾਅ ’ਚ ਸੀ। ਪੁਲਿਸ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਰਹੀ ਹੈ ਤੇ ਤੱਥਾਂ ਦੇ ਆਧਾਰ ਤੇ ਅਗਲੀ ਕਾਰਵਾਈ ਕਰੇਗੀ। ਆਂਢ-ਗੁਆਂਢ ਦੇ ਵਸਨੀਕਾਂ ਅਨੁਸਾਰ ਗੌਤਮ ਇਕ ਮਿਹਨਤੀ ਤੇ ਸ਼ਾਂਤ ਨੌਜਵਾਨ ਸੀ। ਉਸ ਦੀ ਅਚਾਨਕ ਮੌਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਪੁਲਿਸ ਨੇ ਕਿਹਾ ਹੈ ਕਿ ਮੌਤ ਦੇ ਕਾਰਨ ਦੀ ਰਸਮੀ ਤੌਰ ਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪੁਸ਼ਟੀ ਕੀਤੀ ਜਾਵੇਗੀ।