ਸਰਫੇਸ ਵਾਟਰ ਪ੍ਰਾਜੈਕਟ ’ਚ ਦੇਰੀ ਲਈ ਠੇਕਾ ਕੰਪਨੀ ਐੱਲ ਐਂਡ ਟੀ ਨੂੰ 7.5 ਕਰੋੜ ਦਾ ਜੁਰਮਾਨਾ
ਸਰਫੇਸ ਵਾਟਰ ਪ੍ਰਾਜੈਕਟ ’ਚ ਦੇਰੀ ਲਈ ਠੇਕਾ ਕੰਪਨੀ ਐੱਲ ਐਂਡ ਟੀ ਨੂੰ 7.5 ਕਰੋੜ ਦਾ ਲਗਾ ਜੁਰਮਾਨਾ
Publish Date: Sat, 24 Jan 2026 07:28 PM (IST)
Updated Date: Sun, 25 Jan 2026 04:19 AM (IST)

-ਸਮਾਰਟ ਸਿਟੀ ਅਧਿਕਾਰੀਆਂ ਨੂੰ ਪ੍ਰਾਜੈਕਟ ਸਮੇ ਸਿਰ ਪੂਰਾ ਕਰਨ ਲਈ ਨਜ਼ਰ ਰੱਖਣ ਦੇ ਦਿੱਤੇ ਹੁਕਮ, ਡਿਪਟੀ ਕਮਿਸ਼ਨਰ ਨੇ ਆਦਮਪੁਰ ਅਪਰੋਚ ਰੋਡ ’ਤੇ ਬਰਲਟਨ ਪਾਰਕ ਆਦਿ ਪ੍ਰਾਜੈਕਟਾਂ ਦਾ ਲਿਆ ਜਾਏਗਾ ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਸਰਫੇਸ ਵਾਟਰ ਪ੍ਰਾਜੈਕਟ ਦੇ ਕੰਮ ’ਚ ਹੋ ਰਹੀ ਦੇਰੀ ਨੂੰ ਲੈ ਕੇ ਠੇਕਾ ਕੰਪਨੀ ਐੱਲ ਐਂਡ ਟੀ\ਲਾਰਸਨ ਐਂਡ ਟਰਬੋ ਲਿਮਟਿਡ ਨੂੰ 7.5 ਕਰੋੜ ਦਾ ਜੁਰਮਾਨਾ ਕੀਤਾ ਗਿਆ ਹੈ ਕਿਉਂਕਿ ਸ਼ਹਿਰ ਦੀਆਂ ਸੜਕਾਂ ਪੁੱਟੀਆਂ ਹੋਣ ਕਾਰਨ ਲੋਕਾਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਕਾਰਜਕਾਰੀ ਏਜੰਸੀ ਮੈ/ਸ ਲਾਰਸਨ ਐਂਡ ਟਰਬੋ ਲਿਮਟਿਡ ਨੂੰ 7.5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਵੱਲੋਂ ਇਸ ਪ੍ਰਾਜੈਕਟ ’ਚ ਬਿਨਾਂ ਕਾਰਨ ਦੇਰੀ ਕਰਨ ਲਈ ਸਬੰਧਿਤ ਵਿਭਾਗ ਨੂੰ ਕਾਰਜਕਾਰੀ ਏਜੰਸੀ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਜਿਸ ਤੋਂ ਬਾਅਦ ਠੇਕਾ ਕੰਪਨੀ ਨੂੰ ਜੁਰਮਾਨਾ ਲਗਾਇਆ ਗਿਆ ਹੈ। ਮੀਟਿੰਗ ’ਤ ਨਗਰ ਨਿਗਮ ਦੇ ਬੀਐਂਡਆਰ ਦੇ ਐੱਸਈ ਰਜਨੀਸ਼ ਡੋਗਰਾ ਤੇ ਰਾਹੁਲ ਧਵਨ, ਐਕਸੀਅਨ ਰਾਮਪਾਲ ਤੇ ਹੋਰ ਅਧਿਕਾਰੀ ਮੌਜੁਦ ਸਨ। ਜ਼ਿਲ੍ਹੇ ’ਚ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸਰਫੇਸ ਵਾਟਰ ਪ੍ਰਾਜੈਕਟ ’ਚ ਦੇਰੀ ਹੋਣ ਨਾਲ ਰੋਜ਼ਮੱਰਾ ਦੀ ਜ਼ਿੰਦਗੀ ਤੇ ਨਿਰਵਿਘਨ ਆਵਾਜਾਈ ਪ੍ਰਭਾਵਿਤ ਹੋਈ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਇਸ ’ਚ ਹੁਣ ਕਿਸੇ ਵੀ ਪ੍ਰਕਾਰ ਦੀ ਬੇਲੋੜੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਚਿਤਾਵਨੀ ਦਿੱਤੀ ਕਿ ਜੇਕਰ ਨਿਰਧਾਰਿਤ ਸਮਾਂ ਸੀਮਾ ਦੀ ਪਾਲਣਾ ਨਾ ਕੀਤੀ ਗਈ ਤਾਂ ਕਾਰਜਕਾਰੀ ਏਜੰਸੀ ਖਿਲਾਫ਼ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੇ ਇਸੇ ਸਾਲ ਮੁਕੰਮਲ ਹੋਣ ਦੀ ਉਮੀਦ ਹੈ ਤੇ ਉਨ੍ਹਾਂ ਜਲੰਧਰ ਸਮਾਰਟ ਸਿਟੀ ਮਿਸ਼ਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਿਰਧਾਰਿਤ ਸਮਾਂ ਸੀਮਾ ਤੇ ਕੰਮ ਦੇ ਮਿਆਰ ਦੋਵਾਂ ਦੀ ਬਾਰੀਕੀ ਨਾਲ ਨਿਗਰਾਨੀ ਕੀਤੀ ਜਾਵੇ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਫਰਵਰੀ ਦੇ ਅਖੀਰ ਤੱਕ ਬਿਚੂਮਨ ਪਲਾਂਟ ਚਾਲੂ ਹੁੰਦੇ ਹੀ ਕੰਮ ਪੂਰੀ ਤੇਜ਼ੀ ਨਾਲ ਸ਼ੁਰੂ ਹੋਣਾ ਚਾਹੀਦਾ ਹੈ। ਬਰਲਟਨ ਪਾਰਕ ਪ੍ਰਾਜੈਕਟ ਦਾ ਜਾਇਜ਼ਾ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ 70 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੇ ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ 15 ਅਗਸਤ 2026 ਤੱਕ ਮੁਕੰਮਲ ਹੋਣ ਦਾ ਟੀਚਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪ੍ਰਾਜੈਕਟ ਨੂੰ ਨਿਰਧਾਰਿਤ ਸਮੇਂ ਦੇ ਅੰਦਰ ਮੁਕੰਮਲ ਕਰਨ ਨੂੰ ਯਕੀਨੀ ਬਣਾਇਆ ਜਾਵੇ। ਲੰਮਾ ਪਿੰਡ-ਜੰਡੂ ਸਿੰਘਾ ਰੋਡ ਨੂੰ ਚਹੁੰ ਮਾਰਗੀ ਕਰਨ ਦੇ ਪ੍ਰਾਜੈਕਟ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਬਕਾਇਆ ਰਹਿੰਦੇ ਕੰਮ ’ਚ ਤੇਜੀ ਲਿਆਉਣ ਤੇ ਇਸ ਨੂੰ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਆਦਮਪੁਰ ਏਅਰਪੋਰਟ ਅਪਰੋਚ ਰੋਡ ਦੇ ਚਹੁੰ-ਮਾਰਗੀ ਕਰਨ ਦਾ ਵੀ ਜਾਇਜ਼ਾ ਲਿਆ ਗਿਆ ਤੇ ਦੱਸਿਆ ਕਿ ਇਸ ਪ੍ਰਾਜੈਕਟ ਦਾ ਲਗਭਗ 96 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਕਾਰਜਕਾਰੀ ਏਜੰਸੀ ਨੂੰ ਹਦਾਇਤ ਕੀਤੀ ਕਿ ਬਾਕੀ ਰਹਿੰਦੇ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ, ਤਾਂ ਜੋ ਸੜਕ ਨੂੰ ਆਮ ਲੋਕਾਂ ਦੀ ਸਹੂਲਤ ਲਈ ਬਿਨਾਂ ਕਿਸੇ ਹੋਰ ਦੇਰੀ ਦੇ ਖੋਲ੍ਹਿਆ ਜਾ ਸਕੇ।