ਤਰਕਸ਼ੀਲ ਮੇਲਾ ਕਰਵਾਉਣ ਸਬੰਧੀ ਇਕੱਤਰਤਾ
ਤਰਕਸ਼ੀਲ ਸੁਸਾਇਟੀ ਇਕਾਈ ਸ਼ਾਹਕੋਟ ਵੱਲੋਂ ਤਰਕਸ਼ੀਲ ਮੇਲਾ ਕਰਵਾਉਣ ਸਬੰਧੀ ਮੀਟਿੰਗ
Publish Date: Mon, 05 Jan 2026 09:48 PM (IST)
Updated Date: Mon, 05 Jan 2026 09:50 PM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਵੱਲੋਂ ਸਾਲਾਨਾ ਤਰਕਸ਼ੀਲ ਮੇਲਾ ਕਰਵਾਉਣ ਸਬੰਧੀ ਸੁਸਾਇਟੀ ਦੇ ਦਫ਼ਤਰ ਅੱਪੂ ਆਰਟ ਪ੍ਰੈੱਸ ਵਿਖੇ ਇਕਾਈ ਮੁਖੀ ਪ੍ਰਿੰਸੀਪਲ ਮਨਜੀਤ ਸਿੰਘ ਮਲਸੀਆਂ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਪਿਛਲੇ ਸਮੇਂ ਦੌਰਾਨ ਕਰਵਾਈ ਗਈ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਦੇ ਸਰਟੀਫਿਕੇਟ ਵੰਡਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਾਲਾਨਾ ਤਰਕਸ਼ੀਲ ਮੇਲਾ ਕਰਵਾਉਣ ਸਬੰਧੀ ਕੀਤੀ ਗਈ ਵਿਚਾਰ ਚਰਚਾ ਉਪਰੰਤ ਇਹ ਮੇਲਾ 15 ਫ਼ਰਵਰੀ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਮੇਲੇ ’ਚ ਡਾ. ਸਾਹਿਬ ਸਿੰਘ ਦਾ ਨਾਟਕ ਲੱਛੂ ਕਬਾੜੀਆ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਵਤਾਰ ਚੜਿੱਕ ਦੀ ਟੀਮ ਵੱਲੋਂ ਜਾਦੂ ਦੇ ਟਰਿੱਕ, ਫੁਲਵਾੜੀ ਸਕੂਲ ਲੋਹੀਆਂ ਖ਼ਾਸ ਦੀਆਂ ਵਿਦਿਆਰਥਣਾਂ ਦਾ ਗਿੱਧਾ ਵੀ ਪੇਸ਼ ਕੀਤਾ ਜਾਵੇਗਾ। ਮੇਲੇ ਦੌਰਾਨ ਮਾਸਟਰ ਰਜਿੰਦਰ ਭਦੌੜ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ਮੇਲੇ ਦੀਆਂ ਤਿਆਰੀਆਂ ਸਬੰਧੀ ਸੁਸਾਇਟੀ ਦੇ ਮੈਂਬਰਾਂ ਦੀਆਂ ਡਿਊਟੀਆਂ ਨਿਰਧਾਰਤ ਕੀਤੀਆਂ ਗਈਆਂ। ਮੇਲੇ ਸਬੰਧੀ ਹੋਰ ਚਰਚਾ ਕਰਨ ਲਈ ਅਗਲੀ ਮੀਟਿੰਗ 11 ਜਨਵਰੀ ਨੂੰ ਕਰਨ ਦਾ ਫੈਸਲਾ ਕੀਤਾ ਗਿਆ ਤੇ ਮੇਲੇ ’ਚ ਦਰਸ਼ਕਾਂ ਦੀ ਸ਼ਮੂਲੀਅਤ ਨੂੰ ਵਧਾਉਣ ਲਈ ਵੱਖ-ਵੱਖ ਜੱਥੇਬੰਦੀਆਂ ਨਾਲ 25 ਜਨਵਰੀ ਨੂੰ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਮਨਜੀਤ ਸਿੰਘ ਮਲਸੀਆਂ, ਜਿੰਦਰ ਬਾਗਪੁਰ, ਬਿੱਟੂ ਰੂਪੇਵਾਲੀ, ਜਗੀਰ ਜੋਸਨ, ਸਤਨਾਮ ਸਿੰਘ ਨੀਟਾ, ਡਾ. ਨਗਿੰਦਰ ਸਿੰਘ ਬਾਂਸਲ, ਪਾਲ ਬਾਗਪੁਰ, ਮੁਕੰਦ ਕਮਲ, ਗੁਰਮੀਤ ਸਿੰਘ ਕੋਟਲੀ ਆਦਿ ਹਾਜ਼ਰ ਸਨ।