ਨੈਸ਼ਨਲ ਹਾਈਵੇ ’ਤੇ ਕਰੰਟ ਨਾਲ ਮਕੈਨਿਕ ਝੁਲਸਿਆ, ਜਲੰਧਰ ਰੈਫਰ
ਨੈਸ਼ਨਲ ਹਾਈਵੇ ’ਤੇ ਕਰੰਟ ਲੱਗਣ ਨਾਲ ਮਕੈਨਿਕ ਗੰਭੀਰ ਝੁਲਸਿਆ, ਜਲੰਧਰ ਰੈਫਰ
Publish Date: Sun, 12 Apr 2026 05:57 PM (IST)
Updated Date: Mon, 13 Apr 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਨਜ਼ਦੀਕੀ ਪਿੰਡ ਰਾਮਗੜ੍ਹ ਨੇੜੇ ਨੈਸ਼ਨਲ ਹਾਈਵੇ ’ਤੇ ਉਸ ਵੇਲੇ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ, ਜਦੋਂ ਕਰੰਟ ਲੱਗਣ ਨਾਲ ਇਕ ਮਕੈਨਿਕ ਗੰਭੀਰ ਝੁਲਸ ਗਿਆ। ਜਾਣਕਾਰੀ ਮੁਤਾਬਕ ਇਕ ਟਿੱਪਰ ਮਾਲਕ ਆਪਣੀ ਗੱਡੀ ਦੀ ਮੁਰੰਮਤ ਲਈ ਸੜਕ ਕਿਨਾਰੇ ਬਣੀਆਂ ਵਰਕਸ਼ਾਪਾਂ ’ਤੇ ਗਿਆ ਹੋਇਆ ਸੀ। ਇਸ ਦੌਰਾਨ ਉੱਥੇ ਉੱਚ ਵੋਲਟੇਜ਼ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਸਨ। ਕੰਮ ਕਰਦੇ ਸਮੇਂ ਡਰਾਈਵਰ ਵੱਲੋਂ ਟਿੱਪਰ ਦਾ ਟਰਾਲਾ ਉੱਪਰ ਚੁੱਕਿਆ ਗਿਆ, ਜੋ ਸਿੱਧਾ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ। ਇਸ ਨਾਲ ਟਿੱਪਰ ਹੇਠਾਂ ਕੰਮ ਕਰ ਰਹੇ ਮਕੈਨਿਕ ਨੂੰ ਕਰੰਟ ਲੱਗਿਆ ਤੇ ਉਹ ਬੁਰੀ ਤਰ੍ਹਾਂ ਝੁਲਸ ਕੇ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਦੌਰਾਨ ਤਾਰਾਂ ’ਚ ਸ਼ਾਰਟ ਸਰਕਟ ਹੋਣ ਕਾਰਨ ਨੇੜਲੇ ਕਈ ਦੁਕਾਨਾਂ ਦੇ ਬਿਜਲੀ ਮੀਟਰ ਵੀ ਜ਼ੋਰਦਾਰ ਧਮਾਕੇ ਨਾਲ ਉੱਡ ਗਏ, ਜਿਸ ਨਾਲ ਇਲਾਕੇ ’ਚ ਹੜਕੰਪ ਮਚ ਗਿਆ। ਜ਼ਖ਼ਮੀ ਮਕੈਨਿਕ ਦੀ ਪਛਾਣ ਅਮਰੀਕ ਸਿੰਘ ਵਾਸੀ ਲਸਾੜਾ ਵਜੋਂ ਹੋਈ ਹੈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਜਲੰਧਰ ਰੈਫਰ ਕਰ ਦਿੱਤਾ ਗਿਆ। ਮਕੈਨਿਕ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਜਲੰਧਰ ਰੈਫਰ ਕੀਤਾ ਗਿਆ।