ਮੇਅਰ ਨੇ ਅਚਾਨਕ ਕੀਤੀ ਹਾਜਰੀ ਦੀ ਚੈਕਿੰਗ, ਅਧਿਕਾਰੀ ਤੇ ਕਰਮਚਾਰੀ ਗ਼ੈਰ ਹਾਜ਼ਰ ਪਾਏ

-ਸਟਾਫ ਨੂੰ ਨਿਰਧਾਰਤ ਸਮੇਂ ’ਤੇ ਹਾਜ਼ਰ ਰਹਿਣ ਦੀ ਦਿੱਤੀ ਚਿਤਾਵਨੀ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ’ਚ ਸਾਰੀਆਂ ਬਰਾਂਚਾਂ ਦੀ ਹਾਜ਼ਰੀ ਯਕੀਨੀ ਬਨਾਉਣ ਲਈ ਸ਼ੁੱਕਰਵਾਰ ਨੂੰ ਮੇਅਰ ਵਿਨੀਤ ਧੀਰ ਨੇ ਸਵੇਰੇ 9 ਵਜੇ ਸਭ ਬਰਾਂਚਾਂ ਦੀ ਹਾਜ਼ਰੀ ਚੈੱਕ ਕੀਤੀ ਅਤੇ ਇਸ ਦੌਰਾਨ ਅਧਿਕਾਰੀ ਤੇ ਕਰਮਚਾਰੀ ਗ਼ੈਰ ਹਾਜ਼ਰ ਪਾਏ ਗਏ। ਚੈਕਿੰਗ ਦੌਰਾਨ ਮੇਅਰ ਨਾਲ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ, ਮੇਅਰ ਦੇ ਪੀਏ ਦਰਸ਼ਨ ਭਗਤ ਅਤੇ ਸੁਮਿਤ ਦੁੱਗਲ ਵੀ ਮੌਜੂਦ ਸਨ। ਮੇਅਰ ਨੇ ਸ਼ੁੱਕਰਵਾਰ ਸਵੇਰੇ ਹੀ ਅਚਾਨਕ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੂੰ ਲਗਪਗ 8 ਵਜੇ ਮੋਬਾਈਲ ਕਰਕੇ ਨਗਰ ਨਿਗਮ ’ਚ ਪੁੱਜਣ ਲਈ ਕਿਹਾ ਪਰ ਇਹ ਨਹੀਂ ਦੱਸਿਆ ਕਿ ਕਰਨਾ ਕੀ ਹੈ। ਜਦੋਂ ਉਹ ਪੁੱਜੇ ਤਾਂ ਪੂਰੇ 9 ਵਜੇ ਉਨ੍ਹਾਂ ਨੇ ਸਾਰੀਆਂ ਬਰਾਂਚਾਂ ਦੀ ਦਫਤਰਾਂ ਦਾ ਚੱਕਰ ਲਾਇਆ ਤੇ ਉਥੇ ਮੁਲਾਜ਼ਮ ਤਾਂ ਕੀ ਹਾਜ਼ਰ ਹੋਣੇ ਸਨ ਸਗੋਂ ਸੀਨੀਅਰ ਅਧਿਕਾਰੀ ਤੱਕ ਆਪਣੇ ਦਫਤਰਾਂ ’ਚ ਹਾਜ਼ਰ ਨਹੀਂ ਸਨ।
------------------------
ਬਾਇਓਮੈਟ੍ਰਿਕ ਹਾਜ਼ਰੀ ’ਤੇ ਵੀ ਅਮਲ ਨਹੀਂ ਹੋਇਆ
ਲਗਪਗ 4 ਸਾਲ ਪਹਿਲਾਂ ਨਗਰ ਨਿਗਮ ਵਿਖੇ ਬਾਇਓਮੈਟ੍ਰਿਕ ਹਾਜ਼ਰੀ ਲਾਉਣ ਦਾ ਸਿਸਟਮ ਚਾਲੂ ਹੋਇਆ ਸੀ ਤੇ ਇਸ ਦੌਰਾਨ ਹਾਜ਼ਰੀ ਯਕੀਨੀ ਹੋਣ ਲੱਗੀ ਸੀ ਪਰ ਉਸ ਸਮੇਂ ਯੂਨੀਅਨ ਨੇ ਇਸ ਦਾ ਵਿਰੋਧ ਕੀਤਾ ਸੀ, ਜਿਸ ਕਾਰਨ ਨਿਗਮ ਪ੍ਰਸ਼ਾਸਨ ਨੇ ਬਾਇਓਮੈਟ੍ਰਿਕ ਹਾਜ਼ਰੀ ਬੰਦ ਕਰ ਦਿੱਤੀ ਸੀ, ਜਿਸ ਕਾਰਨ ਹਾਜ਼ਰੀ ਲਈ ਖਰੀਦਿਆ ਗਿਆ ਸਾਜ਼ੋ-ਸਾਮਾਨ ਕੰਡਮ ਹੋ ਗਿਆ ਸੀ ਤੇ ਨਗਰ ਨਿਗਮ ਨੇ ਲੋਕਾਂ ਦੇ ਲੱਖਾਂ ਰੁਪਏ ਬਰਬਾਦ ਕਰ ਦਿੱਤੇ। ਨਗਰ ਨਿਗਮ ਪ੍ਰਸ਼ਾਸਨ ਜਦੋਂ ਤੱਕ ਬਾਇਓਮੈਟ੍ਰਿਕ ਹਾਜ਼ਰੀ ਲਾਗੂ ਨਹੀਂ ਕਰਦਾ ਉਦੋਂ ਤੱਕ ਨਿਗਮ ਸਟਾਫ ਦੀ ਹਾਜ਼ਰੀ ਯਕੀਨੀ ਨਹੀਂ ਬਣਾਈ ਜਾ ਸਕਦੀ।
----------------------
ਅਨੁਸ਼ਾਸਨ ਕਾਇਮ ਰੱਖਣ ਦੀ ਚਿਤਾਵਨੀ
ਇਸ ਸਬੰਧੀ ਕਮਿਸ਼ਨਰ ਦਡਤਰ ਤੋਂ ਅਮਲਾ ਸੁਪਰਡੈਂਟ ਵੱਲੋਂ ਪੱਤਰ ਜਾਰੀ ਕਰਕੇ ਗ਼ੈਰ ਹਾਜ਼ਰ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਨਗਰ ਨਿਗਮ ’ਚ ਅਨੁਸ਼ਾਸਨ ਕਾਇਮ ਰੱਖਣ ਲਈ ਆਪਣੀ ਹਾਜ਼ਰੀ ਨਿਰਧਾਰਤ ਸਮੇਂ ’ਤੇ ਦਫਤਰ ਆਉਣ ਲਈ ਯਕੀਨੀ ਬਣਾਉਣ ਤੇ ਭਵਿੱਖ ’ਚ ਮੁੜ ਹਾਜ਼ਰੀ ਚੈੱਕ ਕੀਤੀ ਜਾ ਸਕਦੀ ਹੈ ਤੇ ਜੇ ਫਿਰ ਵੀ ਕਿਸੇ ਨੇ ਹੁਕਮਾਂ ਦੀ ਪਾਲਣਾ ਨਾ ਕੀਤੀ ਤਾਂ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਕਾਬਿਲੇਗ਼ੌਰ ਹੈ ਕਿ ਨਿਗਮ ਕਮਿਸ਼ਨਰ ਛੁੱਟੀ ’ਤੇ ਸਨ ਤੇ ਹੁਣ ਉਹ ਸੋਮਵਾਰ ਨੂੰ ਆ ਕੇ ਅਧਿਕਾਰੀਆਂ ਨਿਰਧਾਰਤ ਸਮੇਂ ’ਤੇ ਦਫਤਰ ਆਉਣ ਬਾਰੇ ਹਦਾਇਤ ਜਾਰੀ ਕਰ ਸਕਦੇ ਹਨ। ਲਗਪਗ 2 ਸਾਲ ਪਹਿਲਾਂ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਵੀ ਹਾਜ਼ਰੀ ਦੀ ਚੈਕਿੰਗ ਕਰਦੇ ਸਨ ਤੇ ਇਸ ਦੌਰਾਨ ਗ਼ੈਰ ਹਾਜ਼ਰ ਹੋਣ ਵਾਲੇ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਹੁੰਦੇ ਰਹੇ ਹਨ।