ਮੇਅਰ ਨੇ ਡੰਪ ਨਾਲ 9 ਏਕੜ ਜ਼ਮੀਨ ਦੇਖੀ, ਬਾਇਓਮਾਈਨਿੰਗ ਪ੍ਰੋਜੈਕਟ ਦਾ ਜਾਇਜ਼ਾ ਲਿਆ
ਜਾਸ, ਜਲੰਧਰ : ਮੇਅਰ
Publish Date: Tue, 10 Feb 2026 08:38 PM (IST)
Updated Date: Tue, 10 Feb 2026 08:41 PM (IST)
ਜਾਸ, ਜਲੰਧਰ : ਮੇਅਰ ਵਨੀਤ ਧੀਰ ਨੇ ਮੰਗਲਵਾਰ ਨੂੰ ਵਰਿਆਣਾ ਡੰਪ ਸਾਈਟ ਦਾ ਦੌਰਾ ਕਰਕੇ ਇੱਥੋਂ ਦੇ ਹਾਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇੱਥੇ ਬਾਇਓਮਾਈਨਿੰਗ ਦੇ ਕੰਮ ਨੂੰ ਵੇਖਿਆ ਅਤੇ ਨਵੇਂ ਕੂੜਾ ਪ੍ਰੋਸੈਸਿੰਗ ਪਲਾਂਟ ਲਈ 9 ਏਕੜ ਜ਼ਮੀਨ ਖਰੀਦਣ ਦੀ ਸਾਈਟ ਵੀ ਦੇਖੀ। ਉਨ੍ਹਾਂ ਨੇ ਵਰਿਆਣਾ ਡੰਪ ਦੀਆਂ ਸੜਕਾਂ ਦੇ ਹਾਲਾਤ ਵੀ ਵੇਖੇ। ਵਰਿਆਣਾ ਡੰਪ ’ਤੇ ਸੜਕਾਂ ਦੀ ਹਾਲਤ ਕਾਫੀ ਖਰਾਬ ਹੈ ਅਤੇ ਦਲਦਲ ਹੋਣ ਨਾਲ ਛੋਟੀਆਂ ਗੱਡੀਆਂ ਨਹੀਂ ਜਾ ਰਹੀਆਂ ਸਨ। ਇਸ ਕਾਰਨ ਮੇਅਰ ਵਨੀਤ ਧੀਰ ਨੇ ਖ਼ੁਦ ਕੂੜੇ ਵਾਲੇ ਟਿੱਪਰ ’ਚ ਬੈਠ ਕੇ ਡੰਪ ਦੇ ਉੱਪਰ ਤੱਕ ਪੁੱਜੇ। ਉਨ੍ਹਾਂ ਨੇ ਬਿਲਡਿੰਗ ਤੇ ਰੋਡ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਡੰਪ ਸਾਈਟ ਦੀਆਂ ਸੜਕਾਂ ਨੂੰ ਛੇਤੀ ਤੋਂ ਛੇਤੀ ਠੀਕ ਕੀਤਾ ਜਾਵੇ ਤਾਂ ਜੋ ਗੱਡੀਆਂ ਦਾ ਆਉਣਾ-ਜਾਣਾ ਸੁਖਾਲਾ ਹੋ ਸਕੇ ਤੇ ਕੂੜਾ ਸੁੱਟਣ ਵਿਚ ਕੋਈ ਰੁਕਾਵਟ ਨਾ ਆਵੇ। ਮੇਅਰ ਨੇ ਇਸ ਦੇ ਨਾਲ ਹੀ ਇਕ ਹੋਰ ਰਸਤਾ ਬਣਾਉਣ ਦੇ ਵੀ ਹੁਕਮ ਦਿੱਤੇ। ਇਸ ਦੌਰਾਨ ਉਨ੍ਹਾਂ ਨਾਲ ਕੌਂਸਲਰ ਗੁਰਜੀਤ ਸਿੰਘ ਘੁੰਮਣ ਤੇ ਆਮ ਆਦਮੀ ਪਾਰਟੀ ਦੇ ਆਗੂ ਸੌਰਭ ਸੇਠ ਵੀ ਮੌਜੂਦ ਰਹੇ।
ਮੇਅਰ ਵਨੀਤ ਧੀਰ ਨੇ ਬਾਇਓਮਾਈਨਿੰਗ ਕੰਪਨੀ ਨੂੰ ਹੁਕਮ ਦਿੱਤਾ ਹੈ ਕਿ ਕੰਮ ’ਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਨੇ ਕੰਪਨੀ ਨੂੰ ਦਿਨ-ਰਾਤ ਕੰਮ ਕਰਨ ਲਈ ਕਿਹਾ। ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੂੜੇ ’ਚ ਬਹੁਤ ਨਮੀ ਹੈ, ਜਿਸ ਕਾਰਨ ਇਸ ਦੀ ਪ੍ਰੋਸੈਸਿੰਗ ਵਿਚ ਦੇਰੀ ਹੋ ਰਹੀ ਹੈ। ਮੇਅਰ ਨੇ ਡੰਪ ਨਾਲ 9 ਏਕੜ ਜ਼ਮੀਨ ਖਰੀਦਣ ਦੀ ਯੋਜਨਾ ’ਤੇ ਵੀ ਚਰਚਾ ਕੀਤੀ ਤੇ ਜ਼ਮੀਨ ਦਾ ਵੀ ਜਾਇਜ਼ਾ ਲਿਆ। ਇਸ ਜ਼ਮੀਨ 'ਤੇ ਨਗਰ ਨਿਗਮ ਨਵੇਂ ਕੂੜੇ ਪ੍ਰੋਸੈਸਿੰਗ ਪਲਾਂਟ ਲਾਏਗਾ। ਆਉਣ ਵਾਲੇ ਬਾਰਿਸ਼ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਅਗਲੇ ਯੋਜਨਾਵਾਂ 'ਤੇ ਖਾਸ ਧਿਆਨ ਦਿੱਤਾ ਗਿਆ ਤਾਂ ਜੋ ਪੂਰੇ ਸ਼ਹਿਰ ’ਚੋਂ ਨਿਯਮਤ ਤੌਰ 'ਤੇ ਕੂੜਾ ਚੁੱਕਿਆ ਜਾ ਸਕੇ। ਇਸ ਦੌਰਾਨ ਡਰਾਈਵਰਾਂ ਤੇ ਸਟਾਫ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝਿਆ ਗਿਆ ਤੇ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਤੁਰੰਤ ਹੱਲ ਕਰਨ ਦੇ ਹੁਕਮ ਦਿੱਤੇ ਗਏ।
ਵਾਟਰ ਸਪਲਾਈ ਬ੍ਰਾਂਚ ਨੇ ਕੀਤੀ 2.18 ਲੱਖ ਦੀ ਰਿਕਵਰੀ
ਜਲੰਧਰ : ਨਗਰ ਨਿਗਮ ਦੀ ਵਾਟਰ ਸਪਲਾਈ ਬ੍ਰਾਂਚ ਨੇ ਫਲਾਇੰਗ ਸਕੂਐਡ ਨਾਲ ਰਲ ਕੇ ਰਿਕਵਰੀ ਕੀਤੀ ਹੈ। ਅਸਿਸਟੈਟ ਅਧਿਕਾਰੀ-ਕਮ-ਚੀਫ ਟੈਕਸ ਕੁਲੈਕਟਰ ਅਸ਼ਵਨੀ ਗਿੱਲ ਅਤੇ ਸੁਪਰਡੈਂਟ ਵਾਟਰ ਰੇਟ ਹਰਪ੍ਰੀਤ ਵਾਲੀਆ ਦੇ ਹੁਕਮਾਂ 'ਤੇ ਟੀਮ ਨੇ ਮੰਗਲਵਾਰ ਨੂੰ 66 ਫੁੱਟ ਰੋਡ, ਅਰਬਨ ਐਸਟੇਟ ਫੇਜ਼-1 ਅਤੇ ਅਰਬਨ ਐਸਟੇਟ ਫੇਜ਼-2 ਵਿਚ ਕਾਰਵਾਈ ਕੀਤੀ। ਜ਼ੋਨ ਨੰਬਰ 6 ਦੇ ਏਰੀਆ ਇੰਚਾਰਜ ਰਾਜੀਵ ਕੁਮਾਰ ਤੇ ਵਿਕੀ ਗਿੱਲ ਵੱਲੋਂ ਕੁਨੈਕਸ਼ਨ ਕੱਟਣ ਦੀ ਕਾਰਵਾਈ ਕੀਤੀ ਗਈ। ਟੀਮ ਨੇ 6 ਗ਼ੈਰ ਕਾਨੂੰਨੀ ਕੁਨੈਕਸ਼ਨ ਕੱਟੇ ਤੇ ਡਿਫਾਲਟਰਾਂ ਤੋਂ 2,18,500 ਰੁਪਏ ਵਸੂਲੇ।