ਓਐਂਡਐੱਮ ਟਿਊਬਵੈਲਾਂ ਦੇ ਰੱਖ-ਰਖਾਅ ਦਾ ਦੋ ਤੋ ਵੱਧ ਠੇਕਾ ਨਹੀਂ ਦਿੱਤਾ ਜਾਏਗਾ - ਮੇਅਰ

-ਕਿਹਾ-ਇਕ ਠੇਕੇਦਾਰ ਤਿੰਨ-ਤਿੰਨ ਵਾਰਡਾਂ ਦੇ ਦੋ ਠੇਕੇ ਹੀ ਲੈ ਸਕੇਗਾ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਨੇ ਹੁਣ ਟਿਊਬਵੈੱਲਾਂ ਦੇ ਰੱਖ-ਰਖਾਅ ਦਾ ਠੇਕਾ ਦੇਣ ਦੀ ਪ੍ਰਣਾਲੀ ’ਚ ਤਬਦੀਲੀ ਕਰਦਿਆਂ ਫੈਸਲਾ ਕੀਤਾ ਹੈ ਕਿ ਹੁਣ ਇਕ ਠੇਕੇਦਾਰ ਨੂੰ ਸਾਰਾ ਠੇਕਾ ਨਹੀਂ ਦਿੱਤਾ ਜਾਏਗਾ ਤੇ ਇਕ ਠੇਕੇਦਾਰ 3-3 ਵਾਰਡਾਂ ਦੇ ਦੋ ਠੇਕੇ ਹੀ ਲੈ ਸਕੇਗਾ। ਉਕਤ ਫੈਸਲਾ ਬੁੱਧਵਾਰ ਨੂੰ ਨਗਰ ਨਿਗਮ ਦੀ ਓਐਂਡਐੱਮ ਬਰਾਂਚ ਦੀ ਹੋਈ ਮੀਟਿੰਗ ’ਚ ਮੇਅਰ ਵਨੀਤ ਧੀਰ ਦੀ ਮੌਜੂਦਗੀ ਦੌਰਾਨ ਕਮਿਸ਼ਨਰ ਸੰਦੀਪ ਰਿਸ਼ੀ ਨੇ ਕੀਤਾ। ਇਸ ਸਬੰਧੀ ਮੇਅਰ ਨੇ ਦੱਸਿਆ ਕਿ ਓਐਂਡਐਮ ਬਰਾਂਚ ’ਚ ਪਹਿਲਾਂ ਸਾਰੇ ਟਿਊਵੈੱਲਾਂ ਦੇ ਰੱਖ-ਰਖਾਅ ਦਾ ਠੇਕਾ ਇਕ ਹੀ ਠੇਕਾ ਕੰਪਨੀ ਨੂੰ ਦੇ ਦਿੱਤਾ ਜਾਂਦਾ ਸੀ, ਜਿਸ ਕਾਰਨ ਟਿਊਬਵੈੱਲਾਂ ਨਾਲ ਸਬੰਧਤ ਸ਼ਿਕਾਇਤਾਂ ਦੀ ਸੁਣਵਾਈ ਨਹੀਂ ਹੁੰਦੀ ਸੀ। ਲੋਕ ਕਾਫੀ ਪਰੇਸ਼ਾਨ ਰਹਿੰਦੇ ਸਨ ਤੇ ਪੀਣ ਦੇ ਪਾਣੀ ਦੀ ਸਪਲਾਈ ਸਮੇਂ ਸਿਰ ਨਾ ਮਿਲਣ ਜਾਂ ਫਿਰ ਮਿਲਾਵਟੀ ਪਾਣੀ ਆਉਣ ਦੀਆਂ ਸ਼ਿਕਾਇਤਾਂ ਦਾ ਨਿਬੇੜਾ ਨਹੀਂ ਹੁੰਦਾ ਸੀ। ਕਿਉਂਕਿ ਠੇਕੇਦਾਰ ਨੇ ਟਿਊਬਵੈੱਲਾਂ ਦੀਆਂ ਮੋਟਰਾਂ ਚਲਾਉਣ ਲਈ ਸਿਰਫ ਇਕ ਹੀ ਮੁਲਾਜ਼ਮ ਹੀ ਰੱਖਿਆ ਹੁੰਦਾ ਸੀ ਜਿਹੜਾ ਕਿ ਵੱਖ-ਵੱਖ ਥਾਵਾਂ ’ਤੇ ਜਾ ਕੇ ਟਿਊਬਵੈੱਲ ਚਲਾਉਂਦਾ ਤੇ ਬੰਦ ਕਰਦਾ ਸੀ। ਕਈ ਥਾਈਂ ਤਾਂ ਨਿਰਧਾਰਤ ਸਮੇਂ ’ਤੇ ਪੀਣ ਦਾ ਪਾਣੀ ਵੀ ਨਹੀਂ ਆਉਂਦਾ ਸੀ। ਲੋਕ ਟਿਊਬਵੈੱਲ ਖਰਾਬ ਹੋਣ ਦੀਆਂ ਸ਼ਿਕਾਇਤਾਂ ਤਾਂ ਦਰਜ ਕਰਵਾਉਂਦੇ ਸਨ ਪਰ ਪਰੇਸ਼ਾਨੀ ਦੂਰ ਕਰਨ ਦੀ ਬਜਾਏ ਬਰਕਰਾਰ ਰਹਿੰਦੀ ਸੀ ਤੇ ਲੋਕ ਕੌਂਸਲਰਾਂ ਦੇ ਘਰਾਂ ਦੇ ਬਾਹਰ ਵਿਖਾਵਾ ਕਰਦੇ ਰਹਿੰਦੇ ਸਨ। ਮੇਅਰ ਨੇ ਦੱਸਿਆ ਕਿ ਉਕਤ ਸਾਰੇ ਹਾਲਾਤ ਦੇਖਦਿਆਂ ਹੀ ਓਐਂਡਐੱਮ ਦੇ ਠੇਕਾ ਪ੍ਰਣਾਲੀ ’ਚ ਤਬਦੀਲੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰਨ ਨਾਲ ਜਿਥੇ ਇਕ ਠੇਕੇਦਾਰ ਦੀ ਅਜ਼ਾਰੇਦਾਰੀ ਖਤਮ ਹੋਵੇਗੀ ਉਥੇ ਹੋਰ ਲੋਕਾਂ ਨੂੰ ਵੀ ਠੇਕਾ ਲੈਣ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਜਿਥੇ ਲੋਕਾਂ ਦੀ ਪਰੇਸ਼ਾਨੀ ਘਟੇਗੀ, ਉਥੇ ਕੌਂਸਲਰਾਂ ਕੋਲ ਪੁੱਜਣ ਵਾਲੀ ਪਾਣੀ ਸਬੰਧੀ ਸ਼ਿਕਾਇਤਾਂ ਘਟ ਜਾਣਗੀਆਂ।
------------------------
ਸ਼ਿਕਾਇਤਾਂ ਦੇ ਨਿਬੇੜੇ ਦੀ ਰੋਜ਼ ਜਾਰੀ ਹੋਵੇਗੀ ਰਿਪੋਰਟ
ਉਕਤ ਮੀਟਿੰਗ ਦੌਰਾਨ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਜਿਹੜੀਆਂ ਪੀਣ ਦੇ ਪਾਣੀ ’ਚ ਮਿਲਾਵਟ ਦੀਆਂ ਸ਼ਿਕਾਇਤਾਂ ਆਨਲਾਈਨ ਆਉਂਦੀਆ ਹਨ ਉਨ੍ਹਾਂ ਦਾ ਛੇਤੀ ਨਿਬੇੜਾ ਕੀਤਾ ਜਾਏ ਤੇ ਸ਼ਿਕਾਇਤਾਂ ਦੇ ਨਿਬੇੜੇ ਦੀ ਰਿਪੋਰਟ ਵੀ ਰੋਜ਼ਾਨਾ ਜਾਰੀ ਕੀਤੀ ਜਾਵੇ।
---------------------
ਡਿਫਾਲਟਰਾਂ ਖ਼ਿਲਾਫ਼ ਸਖ਼ਤੀ ਵਧਾਉਣ ਦੇ ਹੁਕਮ
ਇਸ ਦੌਰਾਨ ਕਮਿਸ਼ਨਰ ਨੇ ਓਐਂਡਐੱਮ ਬਰਾਂਚ ਦੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਫਿਡਾਲਟਰਾਂ ਤੋਂ ਵਸੂਲੀ ਤੇਜ਼ ਕਰਨ ਤੇ ਜੋ ਪਾਣੀ ਦਾ ਬਿੱਲ ਜਮ੍ਹਾਂ ਨਹੀਂ ਕਰਵਾਉਦੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
-------------------
ਤੇਜ਼ੀ ਨਾਲ ਹੋਵੇਗੀ ਸਰਕਾਰੀ ਅਦਾਰਿਆਂ ਤੋਂ ਵਸੂਲੀ
ਇਸ ਦੌਰਾਨ ਨਗਰ ਨਿਗਮ ਨੇ ਸਰਕਾਰੀ ਅਦਾਰਿਆਂ ਤੋਂ ਵੀ ਵਸੂਲੀ ਕਰਨ ਦਾ ਕੰਮ ਤੇਜ਼ ਕੀਤਾ ਜਾਵੇ, ਕਿਉਂਕਿ ਨਗਰ ਨਿਗਮ ਦਾ ਸਰਕਾਰੀ ਅਦਾਰਿਆਂ ਵੱਲ ਵੀ ਲੱਖਾਂ ਰੁਪਏ ਦੀ ਰਕਮ ਖੜ੍ਹੀ ਹੈ, ਜਿਸ ’ਚ ਰੇਲਵੇ ਦੀ ਰਕਮ ਸਭ ਤੋਂ ਵੱਧ ਹੈ।