ਜਾਸ, ਜਲੰਧਰ : ਮੇਅਰ

ਜਾਸ, ਜਲੰਧਰ : ਮੇਅਰ ਵਨੀਤ ਧੀਰ ਨੇ ਕੂੜਾ ਚੁੱਕਣ ਵਾਲੇ ਠੇਕੇਦਾਰ ਦੀ ਚਲਾਕੀ ਫੜੀ ਹੈ। ਕੂੜਾ ਉਠਾਉਣ ਵਾਲਾ ਟਿੱਪਰ ਕੈਂਟ ਵਿਧਾਨ ਸਭਾ ਹਲਕੇ ਤੋਂ ਮਲਬਾ ਲੈ ਕੇ ਆਇਆ ਸੀ। ਟਿੱਪਰ ’ਚ ਹੇਠਾਂ ਮਲਬਾ ਭਰਿਆ ਹੋਇਆ ਸੀ, ਜਦਕਿ ਉੱਪਰ ਕੂੜੇ ਦੀ ਇਕ ਪਰਤ ਰੱਖੀ ਗਈ ਸੀ। ਇਹ ਮਲਬਾ ਰਾਤ ਨੂੰ ਹੀ ਭਰਿਆ ਗਿਆ ਸੀ ਤੇ ਸਵੇਰੇ ਇਸ ਨੂੰ ਡੰਪ 'ਤੇ ਸੁੱਟਣਾ ਸੀ। ਮੇਅਰ ਨੂੰ ਰਾਤ ਨੂੰ ਹੀ ਜਾਣਕਾਰੀ ਮਿਲ ਗਈ ਸੀ ਕਿ ਸਵੇਰੇ ਟਿੱਪਰ ’ਚ ਕੂੜੇ ਦੀ ਬਜਾਏ ਮਲਬਾ ਆਵੇਗਾ। ਇਸ ਦੇ ਆਧਾਰ 'ਤੇ ਮੇਅਰ ਮੰਗਲਵਾਰ ਸਵੇਰੇ ਸਾਢੇ ਸੱਤ ਵਜੇ ਵਰਿਆਣਾ ਡੰਪ 'ਤੇ ਕੂੜਾ ਸੁੱਟਣ ਤੋਂ ਪਹਿਲਾਂ ਗੱਡੀ ਨੂੰ ਤੋਲਣ ਲਈ ਧਰਮ ਕੰਡੇ 'ਤੇ ਪੁੱਜੇ। ਜਾਂਚ ਦੌਰਾਨ ਮੇਅਰ ਨੂੰ ਇਕ ਗੱਡੀ 'ਤੇ ਸ਼ੱਕ ਹੋਇਆ, ਜਿਸ ਦਾ ਵਜ਼ਨ ਹੋਰ ਟਿੱਪਰਾਂ ਦੇ ਮੁਕਾਬਲੇ ਕਾਫੀ ਵੱਧ ਸੀ। ਮੇਅਰ ਨੇ ਇਸ ਗੱਡੀ ਨੂੰ ਨਿਗਮ ਦੀ ਟੀਮ ਦੇ ਨਾਲ ਵਰਿਆਣਾ ਡੰਪ 'ਤੇ ਭੇਜਿਆ। ਜਦੋਂ ਟਿੱਪਰ ਨੂੰ ਖਾਲੀ ਕੀਤਾ ਗਿਆ ਤਾਂ ਇਸ ’ਚੋਂ ਮਲਬਾ ਨਿਕਲਿਆ।
ਮੇਅਰ ਵਨੀਤ ਧੀਰ ਨੇ ਕਿਹਾ ਕਿ ਠੇਕੇਦਾਰ ਆਕਾਸ਼ ਗੌਰਮਿੰਟ ਕੰਟਰੈਕਟਰ ਨੂੰ ਇਕ ਹਫ਼ਤੇ ’ਚ ਤੀਜੀ ਵਾਰੀ ਫੜਿਆ ਗਿਆ ਹੈ। ਪਹਿਲੀ ਵਾਰ ਉਸ ਨੂੰ ਦੋ ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਸੀ ਤੇ ਦੂਜੀ ਵਾਰੀ ਚਾਰ ਲੱਖ ਰੁਪਏ ਦਾ। ਇਸ ਵਾਰ ਮੇਅਰ ਨੇ ਕਮਿਸ਼ਨਰ ਨੂੰ ਹੋਰ ਸਖਤ ਕਾਰਵਾਈ ਕਰਨ ਲਈ ਕਿਹਾ ਹੈ ਤੇ ਠੇਕੇਦਾਰ ਨੂੰ ਬਲੈਕਲਿਸਟ ਕਰਨ ਦਾ ਫੈਸਲਾ ਕੀਤਾ ਹੈ। ਮੇਅਰ ਕੋਲ ਅਜਿਹੀ ਵੀਡੀਓ ਵੀ ਪੁੱਜੀ ਹੈ, ਜਿਸ ਵਿਚ ਠੇਕੇਦਾਰ ਦੀ ਟਰੈਕਟਰ-ਟਰਾਲੀ ’ਚ ਵੀ ਮਲਬਾ ਭਰਿਆ ਜਾ ਰਿਹਾ ਹੈ। ਮੇਅਰ ਇਸ ਮਾਮਲੇ ਨੂੰ ਲੈ ਕੇ ਕਾਫੀ ਨਾਰਾਜ਼ ਹਨ। ਉਨ੍ਹਾਂ ਨੇ ਕਿਹਾ ਕਿ ਰਾਤ ਨੂੰ ਹੀ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਮਿਲ ਗਈ ਸੀ ਕਿ ਠੇਕੇਦਾਰ ਸਵੇਰੇ ਗੜਬੜ ਕਰੇਗਾ, ਇਸ ਲਈ ਉਹ ਸਵੇਰੇ ਹੀ ਧਰਮ ਕੰਡੇ 'ਤੇ ਪੁੱਜ ਗਏ। ਦੂਜੇ ਪਾਸੇ ਠੇਕੇਦਾਰ ਦੇ ਮੁਲਾਜ਼ਮ ਦਾ ਕਹਿਣਾ ਹੈ ਕਿ ਜੇ ਲੋਕ ਡੰਪ 'ਤੇ ਕੂੜੇ ’ਚ ਮਲਬਾ ਸੁੱਟਣ ਤਾਂ ਉਹ ਮਲਬਾ ਹੀ ਚੁੱਕੇਗਾ। ਉਹ ਮੇਅਰ ਨਾਲ ਮਿਲ ਕੇ ਪੂਰਾ ਸਪੱਸ਼ਟੀਕਰਨ ਦੇਣਗੇ।
----
ਮਲਬਾ ਪਾਉਣ ਨਾਲ 40 ਫ਼ੀਸਦੀ ਤੱਕ ਵਧ ਜਾਂਦੈ ਵਜ਼ਨ
ਕੂੜੇ ਦੀ ਬਜਾਏ ਮਲਬਾ ਪਾਉਣ ਨਾਲ ਠੇਕੇਦਾਰ ਨੂੰ ਫਾਇਦਾ ਹੁੰਦਾ ਹੈ। ਮਲਬੇ ਦਾ ਵਜ਼ਨ ਜ਼ਿਆਦਾ ਹੁੰਦਾ ਹੈ। ਠੇਕੇਦਾਰ ਨੂੰ ਕੂੜਾ ਉਠਾਉਣ ਲਈ 400 ਤੋਂ 425 ਰੁਪਏ ਪ੍ਰਤੀ ਟਨ ਮਿਲਦੇ ਹਨ। ਇਕ ਚੱਕਰ ’ਚ ਟਿੱਪਰ ਵਿਚ 10 ਤੋਂ 12 ਟਨ ਤੱਕ ਕੂੜਾ ਆਉਂਦਾ ਹੈ, ਜਦਕਿ ਮਲਬਾ ਲਗਪਗ 17 ਟਨ ਆ ਜਾਂਦਾ ਹੈ। ਇਸ ਨਾਲ ਠੇਕੇਦਾਰ ਦਾ ਬਿੱਲ ਵੱਧ ਜਾਂਦਾ ਹੈ। ਇਸ ਤਰ੍ਹਾਂ ਦੀ ਗੜਬੜ ਪਹਿਲਾਂ ਵੀ ਸਾਹਮਣੇ ਆ ਚੁੱਕੀ ਹੈ ਪਰ ਹੁਣ ਵਾਰ-ਵਾਰ ਅਜਿਹੇ ਮਾਮਲੇ ਸਾਹਮਣੇ ਆਉਣ ਕਾਰਨ ਮੇਅਰ ਨੂੰ ਖ਼ੁਦ ਫੀਲਡ ’ਚ ਉਤਰਨਾ ਪਿਆ। ਕੂੜੇ ਦੇ ਨਾਲ ਮਲਬਾ ਆਉਣ ਕਾਰਨ ਕੂੜੇ ਦੀ ਪ੍ਰੋਸੈਸਿੰਗ ਨਹੀਂ ਹੋ ਹੁੰਦੀ। ਵਰਿਆਣਾ ਡੰਪ 'ਤੇ ਕੂੜਾ ਇਕੱਠਾ ਹੁੰਦਾ ਜਾ ਰਿਹਾ ਹੈ ਤੇ ਬਾਇਓਮਾਈਨਿੰਗ ਨਾਲ ਵੀ ਮਲਬਾ ਕੂੜੇ ਤੋਂ ਅਲੱਗ ਨਹੀਂ ਹੋ ਪਾਵੇਗਾ।