ਸੈਂਟਰਲ ਵਰਜ ਦੇ ਸੁੰਦਰੀਕਰਨ ਦਾ ਕੰਮ ਦੇਖ ਕੇ ਮੇਅਰ ਨਾਰਾਜ਼
ਸੈਂਟਰਲ ਵਰਜ ਦੇ ਸੁੰਦਰੀਕਰਨ ਦਾ ਕੰਮ ਢਿੱਲਾ ਹੋਣ ਤੇ ਮੇਅਰ ਹੋਏ ਨਰਾਜ,ਵਣ ਵਿਭਾਗ ਨੂੰ ਦਿੱਤਾ ਅਲਟੀਮੇਟਮ
Publish Date: Wed, 18 Mar 2026 07:14 PM (IST)
Updated Date: Wed, 18 Mar 2026 07:16 PM (IST)
-ਪਟੇਲ ਚੌਕ ਤੋਂ ਮਕਸੂਦਾਂ ਤਕ ਦਾ ਅਚਾਨਕ ਏਡੀਸੀ ਨਾਲ ਕੀਤਾ ਮੁਆਇਨਾ
-ਸਮਾਰਟ ਸਿਟੀ ਕੰਪਨੀ ਨੇ ਪ੍ਰਾਜੈਕਟ ਲਈ ਦਿੱਤੇ ਸਨ 5.50 ਕਰੋੜ ਰੁਪਏ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਮੇਅਰ ਵਨੀਤ ਧੀਰ ਨੇ ਪਟੇਲ ਚੌਕ ਤੋਂ ਲੈ ਕੇ ਮਕਸੂਦਾਂ ਮਕਸੂਦਾਂ ਤੱਕ ਸੈਂਟਰਲ ਵਰਜ ਦੇ ਸੁੰਦਰੀਕਰਨ ਦੇ ਕੰਮ ਦਾ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਨਾਲ ਮੁਆਇਨਾ ਕੀਤਾ, ਜਿਸ ਨੂੰ ਦੇਖ ਕੇ ਮੇਅਰ ਨੇ ਵਣ ਵਿਭਾਗ ਦੇ ਡੀਐੱਫਓ ਬਾਠ ਕੋਲ ਨਾਰਾਜ਼ਗੀ ਪਰਗਟ ਕੀਤੀ। ਉਨ੍ਹਾਂ ਨੇ 15 ਅਪ੍ਰੈਲ ਤਕ ਕੰਮ ਹੋਣ ’ਤੇ ਮੁੜ ਮੁਆਇਨਾ ਕਰਨ ਦਾ ਅਲਟੀਮੇਟਮ ਦੇ ਦਿੱਤਾ। ਮੇਅਰ ਨਾਲ ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਿਨੇਸ਼ ਢੱਲ ਤੇ ਇਲਾਕਾ ਕੌਂਸਲਰ ਹਾਜ਼ਰ ਸਨ। ਸੈਂਟਰਲ ਵਰਜ ਦੀ ਮਾੜੀ ਹਾਲਤ ਦੇਖ ਕੇ ਮੇਅਰ ਨੇ ਵਣ ਵਿਭਾਗ ਦੇ ਕੰਮਕਾਰ ਪ੍ਰਤੀ ਕਾਫੀ ਨਾਰਾਜ਼ਗੀ ਪ੍ਰਗਟਾਈ ਕਿਉਂਕਿ ਸੈਂਟਰਲ ਵਰਜ ਬੂਟੇ ਤਾਂ ਕੀ ਲੱਗਣੇ ਸਨ ਸਗੋਂ ਉਥੇ ਬਿਜਲੀ ਦੇ ਪੁਰਾਣੇ ਖੰਬੇ ਪਏ ਹੋਏ ਸਨ ਤੇ ਜਿਹੜੀ ਜਾਲੀ ਸੈਂਟਰਲ ਵਰਜ ’ਤੇ ਲਗਾਈ ਗਈ ਸੀ, ਉਹ ਵੀ ਹਿੱਲ ਰਹੀ ਸੀ। ਇਸ ਮੇਅਰ ਨੇ ਡੀਐੱਫਓ ਨੂੰ ਸੈਂਟਰਲ ਵਰਜ ਤੋਂ ਗੰਦਗੀ ਸਾਫ ਕਰਵਾਉਣ ’ਤੇ ਜਿਹੜੀ ਜਾਲੀ ਲਗਾਈ ਗਈ ਹੈ, ਉਸ ਦਾ ਬੇਸ ਗ੍ਰਿਲ ਲਗਾ ਕੇ ਸੀਮੈਂਟ ਨਾਲ ਸਪੋਰਟ ਬਣਾ ਕੇ ਉਸ ਦੀ ਮਜ਼ਬੂਤੀ ਨੂੰ ਯਕੀਨੀ ਬਣਾਉਣ ਲਈ ਕਿਹਾ।
-------------------------
ਕੁਆਲਿਟੀ ਨਾਲ ਸਮਝੌਤਾ ਨਹੀ
ਮੇਅਰ ਵਨੀਤ ਧੀਰ ਨੇ ਸਪੱਸ਼ਟ ਕੀਤਾ ਹੈ ਕਿ ਸੈਂਟਰਲ ਵਰਜ ਦੇ ਕੰਮ ਦੀ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਸੈਂਟਰਲ ਵਰਜ ਦੇ ਸੁੰਦਰੀਕਰਨ ਦੇ ਕੰਮ ਲਈ ਘੱਟੋ-ਘੱਟ 100 ਤੋਂ 150 ਬੰਦੇ ਲਾਏ ਜਾਣ ਤਾਂ ਜੋ ਕੰਮ ਦੀ ਰਫਤਾਰ ਤੇਜ਼ ਹੋ ਸਕੇ।
------------------
ਵਣ ਵਿਭਾਗ ਨੂੰ ਦਿੱਤੇ ਸਨ 5.50 ਕਰੋੜ
ਸੈਂਟਰਲ ਵਰਜ ਦੇ ਸੁੰਦਰੀਕਰਨ ਦਾ ਪ੍ਰਾਜੈਕਟ ਸਮਾਰਟ ਸਿਟੀ ਦਾ ਹੈ ਤੇ ਉਸ ਦੇ ਖਾਤੇ ’ਚੋਂ ਵਣ ਵਿਭਾਗ ਨੂੰ 5.50 ਕਰੋੜ ਰੁਪਏ ਦੀ ਰਕਮ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ ਮੇਅਰ ਨੇ ਕਿਹਾ ਕਿ ਰਕਮ ਦੀ ਐਡਵਾਂਸ ਅਦਾਇਗੀ ਕਰਨ ਦੇ ਬਾਵਜੂਦ ਸੈਂਟਰਲ ਵਰਜ ਦੇ ਕੰਮ ਦੀ ਰਫਤਾਰ ਬਹੁਤ ਢਿੱਲੀ ਚੱਲ ਰਹੀ ਹੈ ਜਦਕਿ ਇਹ ਕੰਮ ਹੁਣ ਤਕ 50 ਫੀਸਦੀ ਤਕ ਹੋਣਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਵਣ ਵਿਭੜਾਗ ਨੂੰ 15 ਅਪ੍ਰੈਲ ਤਕ ਦਾ ਅਲਟੀਮੇਟਮ ਦਿੱਤਾ ਗਿਆ ਹੈ ਤੇ ਉਸ ਦਿਨ ਉਹ ਮੁੜ ਸੈਂਟਰਲ ਵਰਜ ਦਾ ਮੁਆਇਨਾ ਕਰਨਗੇ। ਮੇਅਰ ਵਨੀਤ ਧੀਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਸੈਂਟਰਲ ਵਰਜ ਦੇ ਸੁੰਦਰੀਕਰਨ ਦਾ ਕੰਮ ਇਸ ਲਈ ਸ਼ੁਰੂ ਕਰਵਾਇਆ ਹੈ ਤਾਂ ਜੋ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਸ਼ਹਿਰ ਦਾ ਵਾਤਾਵਰਣ ਹਰਿਆ-ਭਰਿਆ ਦਿਖਾਈ ਦੇਵੇ।