ਮਯੰਕ ਵਾਇਸ ਆਫ ਪੰਜਾਬ ਦੇ ਗ੍ਰੈਂਡ ਫਿਨਾਲੇ ਲਈ ਸ਼ਾਰਟਲਿਸਟ
ਲਾਇਲਪੁਰ ਖਾਲਸਾ ਕਾਲਜ ਦੇ ਵਿਦਿਆਰਥੀ ਮਯੰਕ ਨੂੰ ਵਾਇਸ ਆਫ ਪੰਜਾਬ ਦੇ ਗ੍ਰੈਂਡ ਫਿਨਾਲੇ ਲਈ ਸ਼ਾਰਟਲਿਸਟ ਕੀਤਾ
Publish Date: Sat, 14 Feb 2026 06:46 PM (IST)
Updated Date: Sun, 15 Feb 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਆਪਣੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਮੁੱਚੇ ਵਿਕਾਸ ਤੇ ਸ਼ਖਸੀਅਤ ਵਿਕਾਸ ਲਈ ਭਰਪੂਰ ਮੌਕੇ ਪ੍ਰਦਾਨ ਕਰਦਾ ਹੈ। ਹਾਲ ਹੀ ’ਚ ਕਾਲਜ ਦੇ ਵਿਦਿਆਰਥੀ ਮਯੰਕ ਭਾਰਦਵਾਜ ਨੂੰ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਵਾਇਸ ਆਫ ਪੰਜਾਬ (ਸੀਜ਼ਨ 16) ਦੇ ਗ੍ਰੈਂਡ ਫਿਨਾਲੇ ਲਈ ਸ਼ਾਰਟਲਿਸਟ ਕੀਤਾ ਗਿਆ ਸੀ। ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਵਿਦਿਆਰਥੀ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸਫਲਤਾ ਉਨ੍ਹਾਂ ਨੂੰ ਜ਼ਰੂਰ ਮਿਲਦੀ ਹੈ, ਜੋ ਆਪਣੇ ਕੰਮ ਪ੍ਰਤੀ ਵਚਨਬੱਧ ਤੇ ਸਮਰਪਿਤ ਹਨ। ਉਨ੍ਹਾਂ ਨੇ ਡੀਨ ਸੱਭਿਆਚਾਰਕ ਮਾਮਲੇ ਡਾ. ਪਲਵਿੰਦਰ ਸਿੰਘ ਬੋਲੀਨਾ ਤੇ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਸੁਖਦੇਵ ਸਿੰਘ ਦੀ ਪ੍ਰੇਰਣਾ ਤੇ ਯੋਗ ਮਾਰਗਦਰਸ਼ਨ ਲਈ ਪ੍ਰਸ਼ੰਸਾ ਕੀਤੀ। ਡਾ. ਸੰਧੂ ਨੇ ਕਿਹਾ ਕਿ ਇਕ ਅਧਿਆਪਕ ਦਾ ਮਾਰਗਦਰਸ਼ਨ ਵਿਦਿਆਰਥੀਆਂ ਦੇ ਕਰੀਅਰ ਨੂੰ ਆਕਾਰ ਦੇਣ ਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਲਈ ਪਲੇਟਫਾਰਮ ਪ੍ਰਦਾਨ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਯੰਕ ਪਿਛਲੇ ਦੋ ਸਾਲਾਂ ਤੋਂ ਕਾਲਜ ਭੰਗੜਾ ਟੀਮ ਲਈ ਬੋਲੀਆਂ ਗਾ ਰਿਹਾ ਹੈ। ਇਸ ਤੋਂ ਇਲਾਵਾ ਉਸਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਜ਼ੋਨਲ ਤੇ ਇੰਟਰ-ਜ਼ੋਨਲ ਯੁਵਕ ਮੇਲਿਆਂ ’ਚ ਆਰਕੈਸਟਰਾ, ਵਾਰ ਗਾਇਨ, ਕਵੀਸ਼ਰੀ ਤੇ ਬੋਲੀਆਂ ਆਦਿ ਵਰਗੇ ਸਮਾਗਮਾਂ ’ਚ ਬਹੁਤ ਸਾਰੇ ਤਗਮੇ ਤੇ ਪੁਜੀਸ਼ਨਾਂ ਜਿੱਤੀਆਂ ਹਨ। ਇਸ ਸਨਮਾਨ ਸਮਾਗਮ ਦੌਰਾਨ ਪ੍ਰੋ. ਭਾਗਵਤ ਤੇ ਸੁਖਜੀਤ ਸਿੰਘ ਵੀ ਮੌਜੂਦ ਸਨ।