- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ.ਸ., ਜਲੰਧਰ : ਮੌਸਮ

ਜ.ਸ., ਜਲੰਧਰ : ਮੌਸਮ ਦੇ ਬਦਲਣ ਨਾਲ ਹੀ ਵਾਇਰਲ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਣ ਲੱਗਾ ਹੈ। ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾਂ ਵਿਚ ਪਿਛਲੇ ਦੋ ਹਫ਼ਤਿਆਂ ਤੋਂ ਓਪੀਡੀ ਵਿਚ ਆਉਣ ਵਾਲੇ ਮਰੀਜ਼ਾਂ ਵਿਚ ਖਾਂਸੀ, ਜੁਕਾਮ ਅਤੇ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ਵਿਚ 30 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਆਮ ਵਾਇਰਲ ਖਾਂਸੀ-ਜੁਕਾਮ ਅਤੇ ਬਦਨ ਦਰਦ ਦੇ ਬਹੁਤ ਸਾਰੇ ਮਰੀਜ਼ਾਂ ਨੂੰ ਠੀਕ ਹੋਣ ਵਿਚ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਸੈਕਰਡ ਹਾਰਟ ਹਸਪਤਾਲ ਦੇ ਡਾ. ਅਲੋਕ ਲਲਵਾਨੀ ਕਹਿੰਦੇ ਹਨ ਕਿ ਮੌਸਮ ਵਿਚ ਹੋ ਰਹੇ ਲਗਾਤਾਰ ਬਦਲਾਅ ਕਾਰਨ ਵਾਇਰਲ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਓਪੀਡੀ ਵਿਚ ਆਉਣ ਵਾਲੇ ਮਰੀਜ਼ ਖਾਂਸੀ, ਗਲੇ ਵਿਚ ਖਰਾਸ਼, ਬਦਨ ਦਰਦ, ਥਕਾਵਟ ਅਤੇ ਕਮਜ਼ੋਰੀ ਦੀ ਸ਼ਿਕਾਇਤ ਲੈ ਕੇ ਆ ਰਹੇ ਹਨ। ਸਰੀਰ ਦੀ ਪ੍ਰਤੀਰੋਧਕ ਸ਼ਕਤੀ ਘੱਟ ਪ੍ਰਭਾਵਸ਼ਾਲੀ ਹੋ ਸਕਦੀ ਹੈ। ਬੰਦ ਕਮਰਿਆਂ ਵਿਚ ਜ਼ਿਆਦਾ ਸਮਾਂ ਬਿਤਾਉਣ ਨਾਲ ਬਿਮਾਰੀ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ। ਪਿਛਲੇ ਦੋ ਹਫ਼ਤਿਆਂ ਵਿਚ ਓਪੀਡੀ ਵਿਚ ਅਜਿਹੇ ਮਰੀਜ਼ਾਂ ਦੀ ਗਿਣਤੀ 20 ਫ਼ੀਸਦੀ ਦੇ ਕਰੀਬ ਵਧੀ ਹੈ। ਵਾਇਰਲ ਮਰੀਜ਼ਾਂ ਦੇ ਇੱਕ-ਦੂਜੇ ਨਾਲ ਸੰਪਰਕ ਕਰਨ ਨਾਲ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਹੈ। ਖਾਂਸੀ ਕਰਨ, ਛਿੱਕਣ ਅਤੇ ਇਨਫੈਕਟਿਡ ਹੱਥਾਂ ਨਾਲ ਇੱਕ-ਦੂਜੇ ਦੇ ਸੰਪਰਕ ਵਿਚ ਆਉਣ ਨਾਲ ਵਾਇਰਸ ਇਕ ਤੋਂ ਦੂਜੇ ਲੋਕਾਂ ਤੱਕ ਪਹੁੰਚਦਾ ਹੈ, ਜਿਸ ਨਾਲ ਕਮਜ਼ੋਰ ਪ੍ਰਤੀਰੋਧਕ ਸ਼ਕਤੀ ਵਾਲੇ ਮਰੀਜ਼ਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਵਾਇਰਸ ਦੀ ਟ੍ਰਾਂਸਮਿਸ਼ਨ ਦਰ ਉੱਚੀ ਹੋਣ, ਬੰਦ ਕਮਰਿਆਂ ਵਿਚ ਜ਼ਿਆਦਾ ਸਮਾਂ ਬਿਤਾਉਣ, ਹਲਕੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਕੇ ਸਮਾਜਿਕ ਸੰਪਰਕ ਜਾਰੀ ਰੱਖਣ, ਘੱਟ ਨੀਂਦ, ਤਣਾਅ ਅਤੇ ਅਨਿਯਮਿਤ ਜੀਵਨਸ਼ੈਲੀ ਨਾਲ ਕਮਜ਼ੋਰ ਪ੍ਰਤੀਰੋਧਕ ਸ਼ਕਤੀ ਵਾਲੇ ਲੋਕਾਂ ਲਈ ਖ਼ਤਰਾ ਵਧ ਜਾਂਦਾ ਹੈ।
ਸਿਵਿਲ ਹਸਪਤਾਲ ਦੇ ਬਾਲ ਰੋਗ ਮਾਹਿਰ ਡਾ. ਐੱਸਐੱਸ ਨਾਂਗਲ ਕਹਿੰਦੇ ਹਨ ਕਿ ਬੱਚੇ ਵੀ ਵਾਇਰਲ ਤੋਂ ਬਚੇ ਨਹੀਂ ਹਨ। ਬੱਚੇ ਖਾਂਸੀ, ਜੁਕਾਮ ਅਤੇ ਹਲਕੇ ਬੁਖਾਰ ਦੇ ਇਲਾਜ ਲਈ ਆ ਰਹੇ ਹਨ। ਹਰ ਰੋਜ਼ ਓਪੀਡੀ ਵਿਚ 15 ਤੋਂ 20 ਮਰੀਜ਼ ਆ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋਣ ਕਾਰਨ ਉਹ ਘਰ ਜਾਂ ਸਕੂਲ ਵਿਚ ਵਾਇਰਲ ਮਰੀਜ਼ਾਂ ਦੇ ਸੰਪਰਕ ਵਿਚ ਆ ਕੇ ਪ੍ਰਭਾਵਿਤ ਹੋ ਜਾਂਦੇ ਹਨ।
-----
ਲੱਛਣ
- 5-7 ਦਿਨਾਂ ਤੋਂ ਵੱਧ ਤੇਜ਼ ਬੁਖਾਰ
- ਸਾਹ ਲੈਣ ’ਚ ਤਕਲੀਫ
- ਗਲੇ ’ਚ ਦਰਦ ਤੇ ਕੁਝ ਵੀ ਨਿਗਲਣ ’ਚ ਮੁਸ਼ਕਿਲ
- ਸੀਨੇ ’ਚ ਦਰਦ
- ਬਹੁਤ ਜ਼ਿਆਦਾ ਕਮਜ਼ੋਰੀ
- ਬਜ਼ੁਰਗ, ਛੋਟੇ ਬੱਚੇ, ਗਰਭਵਤੀ ਔਰਤਾਂ ਜਾਂ ਪਹਿਲਾਂ ਤੋਂ ਦਿੱਲ, ਫੇਫੜੇ ਤੇ ਸ਼ੂਗਰ ਆਦਿ ਨਾਲ ਪੀੜਤ ਮਰੀਜ਼
-----
ਬਚਾਅ
- ਹੱਥਾਂ ਦੀ ਨਿਯਮਿਤ ਸਫ਼ਾਈ
- ਖਾਂਸੀ-ਸ਼ਿਸ਼ਟਾਚਾਰ ਦਾ ਪਾਲਣ
- ਘਰ ’ਚ ਯੋਗ ਵੈਂਟੀਲੇਸ਼ਨ
- ਭੀੜ-ਭਾੜ ਤੋਂ ਬਚਾਅ
- ਚੰਗੀ ਨੀਂਦ (7–8 ਘੰਟੇ)
- ਪੌਸ਼ਟਿਕ ਪ੍ਰੋਟੀਨ ਯੁਕਤ ਖੁਰਾਕ
- ਬਿਨਾਂ ਡਾਕਟਰੀ ਸਲਾਹ ਦੇ ਐਂਟੀਬਾਇਓਟਿਕ ਦਾ ਇਸਤੇਮਾਲ ਨਾ ਕਰੋ
ਸਿਵਲ ਹਸਪਤਾਲ ’ਚ ਮੈਡੀਕਲ ਓਪੀਡੀ ਵਿਚ ਬਸਤੀ ਸ਼ੇਖ ਤੋਂ ਇਲਾਜ ਕਰਵਾਉਣ ਪਹੁੰਚੇ ਰਵਿੰਦਰ ਸਿੰਘ ਨੇ ਦੱਸਿਆ ਕਿ ਖਾਂਸੀ, ਜੁਕਾਮ ਤੇ ਬੁਖਾਰ ਕਾਰਨ ਪਹਿਲਾਂ ਆਮ ਆਦਮੀ ਕਲੀਨਿਕ ਅਤੇ ਬਸਤੀ ਦੇ ਨਿੱਜੀ ਡਾਕਟਰ ਤੋਂ ਇਲਾਜ ਕਰਵਾਇਆ। ਛੁੱਟੀ ਨਾ ਮਿਲਣ ਕਾਰਨ ਹੁਣ ਸਿਵਲ ਹਸਪਤਾਲ ’ਚ ਇਲਾਜ ਸ਼ੁਰੂ ਕੀਤਾ ਹੈ। ਵਾਇਰਲ ਕਾਰਨ ਸਰੀਰ ਦਰਦ ਘੱਟ ਨਹੀਂ ਹੋ ਰਿਹਾ ਅਤੇ ਨਾ ਹੀ ਖਾਂਸੀ ਤੋਂ ਰਾਹਤ ਮਿਲ ਰਿਹਾ ਹੈ।
ਭਾਰਗਵ ਕੈਂਪ ’ਚ ਰਹਿਣ ਵਾਲੇ ਮੁਨੀਸ਼ ਨੇ ਆਪਣੇ 9 ਸਾਲ ਦੇ ਪੁੱਤਰ ਆਰਯਨ ਦੀ ਗੱਲ ਕੀਤੀ, ਜਿਸ ਨੂੰ ਤਿੰਨ ਦਿਨਾਂ ਤੋਂ ਖਾਂਸੀ ਅਤੇ ਜੁਕਾਮ ਹੈ। ਉਸ ਦੇ ਗਲੇ ਵਿਚ ਦਰਦ ਹੈ ਅਤੇ ਉਹ ਕੁਝ ਖਾ ਵੀ ਨਹੀਂ ਰਿਹਾ ਹੈ। ਡਾਕਟਰ ਨੇ ਦਵਾਈ ਦਿੱਤੀ ਹੈ ਅਤੇ ਤਿੰਨ-ਚਾਰ ਦਿਨਾਂ ਵਿਚ ਪੂਰੀ ਤਰ੍ਹਾਂ ਠੀਕ ਹੋਣ ਦੀ ਗੱਲ ਕੀਤੀ ਹੈ।