ਮਹਾਵੀਰ ਮਾਰਗ ’ਤੇ ਲੱਗਦੇ ਜਾਮ ਨੇ ਵਧਾਈ ਪਰੇਸ਼ਾਨੀ
ਸੜਕ ਨਿਰਮਾਣ ਕਾਰਨ ਅੰਬੇਡਕਰ ਚੌਕ ਤੋਂ ਫੁੱਟਬਾਲ ਚੌਕ ਤੱਕ ਵੱਡੇ ਪੱਧਰ 'ਤੇ ਟ੍ਰੈਫਿਕ ਜਾਮ
Publish Date: Tue, 10 Mar 2026 09:11 PM (IST)
Updated Date: Tue, 10 Mar 2026 09:15 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਅੰਬੇਡਕਰ ਚੌਕ ਤੋਂ ਫੁੱਟਬਾਲ ਚੌਕ ਤੱਕ ਮਸਰੂਫ ਸੜਕ ’ਤੇ ਚੱਲ ਰਹੇ ਨਿਰਮਾਣ ਕਾਰਨ ਇਸ ਸਮੇਂ ਭਾਰੀ ਟ੍ਰੈਫਿਕ ਜਾਮ ਲੱਗ ਰਿਹਾ ਹੈ। ਨਿਰਮਾਣ ਕਾਰਜ ਕਾਰਨ ਸੜਕ ਨੂੰ ਆਰਜ਼ੀ ਤੌਰ 'ਤੇ ਸਿੰਗਲ ਲੇਨ ’ਚ ਬਦਲ ਦਿੱਤਾ ਗਿਆ ਹੈ, ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ ਤੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਇਸ ਰਸਤੇ ’ਤੇ ਵਧਦੀ ਭੀੜ ਨੇੜਲਿਆਂ ਇਲਾਕਿਆਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਫੁੱਟਬਾਲ ਚੌਕ, ਆਦਰਸ਼ ਨਗਰ ਚੌਕ, ਅਵਤਾਰ ਨਗਰ ਤੇ ਪਟੇਲ ਚੌਕ ਵਰਗੀਆਂ ਮਸਰੂਫ ਥਾਵਾਂ 'ਤੇ ਆਵਾਜਾਈ ਦੀ ਰਫ਼ਤਾਰ ਮੱਠੀ ਪੈ ਗਈ ਹੈ ਤੇ ਕਈ ਥਾਵਾਂ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦਿਖਾਈ ਦੇ ਰਹੀਆਂ ਹਨ। ਜਾਮ ’ਚ ਫਸੇ ਡਰਾਈਵਰਾਂ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਇਹ ਦੂਰੀ 10 ਤੋਂ 15 ਮਿੰਟਾਂ ’ਚ ਪੂਰੀ ਕੀਤੀ ਜਾ ਸਕਦੀ ਹੈ ਪਰ ਹੁਣ ਉਨ੍ਹਾਂ ਨੂੰ ਲੰਬੇ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਲੋਕਾਂ ਨੇ ਦੋ ਘੰਟਿਆਂ ਤੋਂ ਵੱਧ ਸਮੇਂ ਤੱਕ ਟ੍ਰੈਫਿਕ ’ਚ ਫਸੇ ਰਹਿਣ ਦੀ ਗੱਲ ਆਖੀ ਹੈ। ਮਾਰਚ ਦੀ ਵਧਦੀ ਗਰਮੀ ਵਿਚਾਲੇ ਸੜਕ ਨਿਰਮਾਣ ਕਾਰਨ ਪੈਦਾ ਹੋਈ ਧੂੜ-ਮਿੱਟੀ ਵੀ ਪਰੇਸ਼ਾਨੀ ਦਾ ਸਬੱਬ ਬਣਨ ਲੱਗੀ ਹੈ। ਭਾਵੇਂ ਮੌਕੇ ’ਤੇ ਤਾਇਨਾਤ ਪੁਲਿਸ ਮੁਲਾਜ਼ਮ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਵਾਹਨਾਂ ਦੀ ਜ਼ਿਆਦਾ ਗਿਣਤੀ ਕਾਰਨ ਸਥਿਤੀ ਨੂੰ ਆਮ ਵਾਂਗ ਹੋਣ ’ਚ ਸਮਾਂ ਲੱਗ ਰਿਹਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਮਾਣ ਕਾਰਜ ਪੂਰਾ ਹੋਣ ਤੱਕ ਇਸ ਰਸਤੇ ਦੀ ਬਜਾਏ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਤਾਂ ਜੋ ਟ੍ਰੈਫਿਕ ਜਾਮ ਤੋਂ ਬਚਿਆ ਜਾ ਸਕੇ।