ਮੈਡੀਕਲ ਚੈਕਅੱਪ ਤੇ ਬਣਾਉਟੀ ਅੰਗਾਂ ਸਬੰਧੀ ਲੱਗਾ ਕੈਂਪ
ਜਲੰਧਰ ’ਚ ਵਿਸ਼ਾਲ ਮੈਡੀਕਲ ਚੈੱਕਅਪ ਤੇ ਆਰਟੀਫਿਸ਼ੀਅਲ ਅੰਗ ਕੈਂਪ ਲਗਾਇਆ
Publish Date: Mon, 16 Mar 2026 09:58 PM (IST)
Updated Date: Mon, 16 Mar 2026 10:01 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 40 ਭਗਤ ਰੋਡ, ਜਲੰਧਰ ਕੈਂਟ ਵਿਖੇ ਇਕ ਵਿਸ਼ਾਲ ਮੈਡੀਕਲ ਚੈੱਕਅਪ ਕੈਂਪ, ਅੱਖਾਂ ਦਾ ਕੈਂਪ ਤੇ ਆਰਟੀਫਿਸ਼ੀਅਲ ਅੰਗ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸਰਦਾਰ ਕਵਲਜੀਤ ਸਿੰਘ ਉਬਰਾਏ, ਮੁੱਖ ਸੇਵਾਦਾਰ ਗੁਰਦੁਆਰਾ ਨੌਵੀਂ ਪਾਤਸ਼ਾਹੀ ਨੇ ਕੀਤਾ। ਇਹ ਕੈਂਪ ਲੋਜ ਡੇਵਨ 1999 ਤੇ ਸਿੱਖ ਯੂਨੀਅਨ ਕਨਵਰਟਰੀ ਭਾਰਤ ਵਿਕਾਸ ਪਰਿਸ਼ਦ ਦੇ ਸਹਿਯੋਗ ਨਾਲ ਕਰਵਾਇਆ। ਕੈਂਪ ’ਚ 586 ਮਰੀਜ਼ਾਂ ਨੇ ਹਿੱਸਾ ਲਿਆ, ਜਿਸ ’ਚੋਂ 80 ਮਰੀਜ਼ਾਂ (ਚਿੱਟੇ ਤੇ ਕਾਲੇ ਮੋਤੀਏ) ਦੇ ਆਪ੍ਰੇਸ਼ਨ ਕੀਤੇ ਜਾਣਗੇ, 280 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਗਈਆਂ, 320 ਮਰੀਜ਼ਾਂ ਦੀ ਸ਼ੂਗਰ ਟੈਸਟ ਕੀਤੀ ਗਈ, 5 ਮਰੀਜ਼ਾਂ ਨੂੰ ਟਰਾਈਸਾਈਕਲ, 6 ਮਰੀਜ਼ਾਂ ਨੂੰ ਵ੍ਹੀਲਚੇਅਰ, 3 ਮਰੀਜ਼ਾਂ ਨੂੰ ਵਿਸਾਖੀਆਂ ਤੇ 70 ਅੰਗਹੀਣਾਂ ਨੂੰ ਆਰਟੀਫਿਸ਼ੀਅਲ ਅੰਗ ਮੁਹੱਈਆ ਕਰਵਾਏ ਗਏ। ਇਸ ਦੌਰਾਨ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਦੇ ਡਾਕਟਰਾਂ ਤੇ ਸਟਾਫ਼ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਕੈਂਪ ’ਚ ਪਲਵਿੰਦਰ ਸਿੰਘ ਚਾਨਣਾ (ਚੇਅਰਮੈਨ, ਸਿੱਖ ਯੂਨੀਅਨ ਕਨਵਰਟਰੀ), ਰਕੇਸ਼ ਕੁਮਾਰ ਗੁਪਤਾ (ਪ੍ਰਧਾਨ, ਲੋਜ ਡੇਵਨ 1999), ਸੈਕਟਰੀ ਅਨੰਤ ਕੁਮਾਰ ਅਰੋੜਾ, ਵਰਿੰਦਰ ਗੁਪਤਾ, ਰਾਜੀਵ ਗੁਪਤਾ, ਸਰਦਾਰ ਕੁਲਵੰਤ ਸਿੰਘ ਕਲਸੀ, ਰਜਿੰਦਰ ਸਿੰਘ ਬੇਦੀ, ਹਰਵਿੰਦਰ ਸਿੰਘ ਜਨੇਜਾ ਤੇ ਮਹਿੰਦਰ ਪਾਲ ਸਿੰਘ ਸਮੇਤ ਕਈ ਹੋਰ ਸਹਿਯੋਗੀ ਹਾਜ਼ਰ ਸਨ।