ਇਨਕਲਾਬੀ ਕਵੀ ਪਾਸ਼ ਤੇ ਹੰਸਰਾਜ ਦੀ ਯਾਦ 'ਚ ਕਾਨਫਰੰਸ ਤੇ ਨਾਟਕ 23 ਨੂੰ
ਅਵਤਾਰ ਪਾਸ਼ ਤੇ ਹੰਸਰਾਜ ਦੀ ਯਾਦ 'ਚ ਸ਼ਹੀਦੀ ਕਾਨਫਰੰਸ ਤੇ ਨਾਟਕ 23 ਨੂੰ
Publish Date: Wed, 11 Mar 2026 08:34 PM (IST)
Updated Date: Wed, 11 Mar 2026 08:36 PM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਚੋਟੀ ਦੇ ਇਨਕਲਾਬੀ ਕਵੀ ਅਵਤਾਰ ਪਾਸ਼ ਅਤੇ ਉਸਦੇ ਦੋਸਤ ਹੰਸਰਾਜ ਦੀ 38 ਵੀਂ ਸਲਾਨਾ ਬਰਸੀ, ਕੌਮੀ ਮੁਕਤੀ ਲਹਿਰ ਦੇ ਮਹਾਨ ਸ਼ਹੀਦਾਂ, ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪਾਸ਼ ਹੰਸਰਾਜ ਸ਼ਹੀਦੀ ਯਾਦਗਾਰ ਕਮੇਟੀ ਵੱਲੋਂ ਇਸ ਵਾਰ ਵੀ ਪਾਸ਼-ਹੰਸਰਾਜ ਦੇ ਜੱਦੀ ਪਿੰਡ ਤਲਵੰਡੀ ਸਲੇਮ ਸ਼ਹੀਦੀ ਕਾਨਫਰੰਸ ਤੇ ਨਾਟਕ ਕਰਵਾਏ ਜਾ ਰਹੇ ਹਨ। ਤਲਵੰਡੀ ਸਲੇਮ ਵਿਖੇ ਸ਼ਹੀਦੀ ਯਾਦਗਾਰ ਕਮੇਟੀ, ਮਜ਼ਦੂਰ ਕਿਸਾਨ ਆਗੂਆਂ ਤੇ ਅਵਤਾਰ ਪਾਸ਼ ਦੇ ਪਰਿਵਾਰਕ ਮੈਂਬਰਾਂ ਦੀ ਹੋਈ ਮੀਟਿੰਗ ਚ ਹੋਏ ਫੈਸਲੇ ਪ੍ਰੈੱਸ ਨਾਲ ਸਾਂਝੇ ਕਰਦਿਆਂ ਕਮੇਟੀ ਦੇ ਕਨਵੀਨਰ ਮੋਹਨ ਸਿੰਘ ਬੱਲ ਨੇ ਦੱਸਿਆ ਕਿ ਅਮਰ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਇਹ ਦਿਨ ਸਾਮਰਾਜੀ ਜੰਗਬਾਜ਼ਾਂ ਅਤੇ ਫਿਰਕੂ ਫਾਸ਼ੀਵਾਦੀ ਤਾਕਤਾਂ ਨੂੰ ਲਲਕਾਰਨ ਅਤੇ ਹਰ ਕਿਸਮ ਦੀ ਲੁੱਟ ਖਸੁੱਟ ਤੇ ਦਾਬੇ ਤੋਂ ਮੁਕਤ ਸਮਾਜ ਸਿਰਜਣ ਲਈ ਵੱਡੀ ਲੋਕ ਲਹਿਰ ਉਸਾਰਨ ਦੇ ਉਦੇਸ਼ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਥੇ ਸਾਮਰਾਜੀ ਜੰਗਬਾਜ਼ਾਂ ਨੇ ਇਰਾਨ ਤੇ ਧਾਵਾ ਬੋਲ ਕੇ ਉਸਨੂੰ ਨਿਹੱਕੀ ਜੰਗ ਵਿੱਚ ਝੋਕਿਆ ਹੋਇਆ ਉਥੇ ਭਾਰਤ ਦੇ ਕਿਰਤੀ ਲੋਕਾਂ ਤੇ ਅਮਰੀਕਾ ਵਲੋਂ ਮੁਕਤ ਵਪਾਰ ਸਮਝੌਤੇ ਰਾਹੀਂ ਲੁੱਟ ਨੂੰ ਤਿੱਖਾ ਕੀਤਾ ਜਾ ਰਿਹਾ ਹੈ। ਭਾਰਤ ਦੀ ਕੇਂਦਰ ਸਰਕਾਰ ਅਮਰੀਕੀ ਹਾਕਮਾਂ ਅੱਗੇ ਗੋਡੇ ਟੇਕੀ ਖੜ੍ਹੀ ਹੈ। ਕਨਵੀਨਰ ਨੇ ਦੱਸਿਆ ਕਿ ਪਾਸ਼ ਹੰਸਰਾਜ ਯਾਦਗਾਰੀ ਕੰਪਲੈਕਸ ਤਲਵੰਡੀ ਸਲੇਮ ਵਿਖੇ 23 ਮਾਰਚ ਨੂੰ ਦਿਨੇ 11 ਵਜੇ ਹੋ ਰਹੇ ਸਮਾਗਮ ਮੌਕੇ ਜਿਥੇ ਖੇਤ ਮਜ਼ਦੂਰ, ਕਿਸਾਨ, ਮੁਲਾਜ਼ਮ ਅਤੇ ਹੋਰ ਇਨਸਾਫ਼ ਪਸੰਦ ਲੋਕ ਸ਼ਾਮਲ ਹੋਣਗੇ ਉਥੇ ਪੰਜਾਬ ਦੀਆਂ ਪ੍ਰਸਿੱਧ ਨਾਟਕ ਮੰਡਲੀਆਂ, ਨਾਟਕ ਅਤੇ ਗੀਤ ਸੰਗੀਤ ਪੇਸ਼ ਕਰਨਗੀਆਂ। ਮੀਟਿੰਗ ’ਚ ਅਵਤਾਰ ਪਾਸ਼ ਦੀ ਭੈਣ ਪਰਮਿੰਦਰ ਕੌਰ ਗਿੱਲ, ਚਚੇਰਾ ਭਰਾ ਸੁਖਵਿੰਦਰ ਸੁੱਚਾ, ਸ਼ਹੀਦੀ ਯਾਦਗਾਰ ਕਮੇਟੀ ਦੇ ਮੈਂਬਰ, ਹਰਮੇਸ਼ ਮਾਲੜੀ, ਸੁਖਵਿੰਦਰ ਬਾਗਪੁਰ, ਹਰਪਾਲ ਬਿੱਟੂ, ਸਤਨਾਮ ਉੱਗੀ, ਨਿਰਮਲ ਸਿੰਘ ਜਹਾਂਗੀਰ, ਤਰਕਸ਼ੀਲ ਆਗੂ ਪ੍ਰਿੰਸੀਪਲ ਮਨਜੀਤ ਸਿੰਘ, ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਚਾਹਲ, ਜਮਹੂਰੀ ਅਧਿਕਾਰ ਸਭਾ ਦੀ ਗੁਰਮੀਤ ਕੋਟਲੀ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਬਲਦੇਵ ਰਾਜ ਮਾਲੜੀ ਹਾਜ਼ਰ ਸਨ।