-ਲੋਕਾਂ ਨੂੰ ਇਕ ਛੱਤ

-ਲੋਕਾਂ ਨੂੰ ਇਕ ਛੱਤ ਦੇ ਹੇਠਾਂ ਮਿਲੇਗੀ ਸਾਰੀਆਂ ਸੇਵਾਵਾਂ, ਇਸ ਵੇਲੇ ਛੇ ਥਾਵਾਂ 'ਤੇ ਚੱਲ ਰਹੇ ਨੇ ਦਫਤਰ ਦੇ ਵਿਭਾਗ
ਜਾਸ, ਜਲੰਧਰ : ਜ਼ਿਲ੍ਹੇ ਦੀ ਸਿਹਤ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਲਾ ਸਿਵਲ ਸਰਜਨ ਦਫਤਰ ਪਿਛਲੇ ਲਗਪਗ 22 ਮਹੀਨਿਆਂ ਤੋਂ ਖ਼ੁਦ ਲਈ ਇਕ ਸਥਾਈ ਇਮਾਰਤ ਦੀ ਉਡੀਕ ਕਰ ਰਿਹਾ ਹੈ। ਸਿਵਲ ਹਸਪਤਾਲ ਵਿਚ ਥਾਂ ਦੀ ਘਾਟ ਕਾਰਨ, ਇਹ ਦਫਤਰ ਛੇ ਹਿੱਸਿਆਂ ’ਚ ਕੰਮ ਕਰ ਰਿਹਾ ਹੈ। ਸਿਹਤ ਵਿਭਾਗ ਨੇ ਪਿਛਲੇ ਸਾਲ ਜਨਵਰੀ ਵਿਚ ਸਿਵਲ ਹਸਪਤਾਲ ਵਿਚ ਸਿਵਲ ਸਰਜਨ ਦਫਤਰ ਦੀ ਇਮਾਰਤ ਦਾ ਨੀਂਹ ਪੱਥਰ ਕਰਨ ਦਾ ਵਾਅਦਾ ਕੀਤਾ ਸੀ ਪਰ 14 ਮਹੀਨਿਆਂ ਬਾਅਦ ਵੀ ਇਮਾਰਤ ਦੇ ਨਿਰਮਾਣ ਲਈ ਕਾਗਜ਼ੀ ਕਾਰਵਾਈ ਪੂਰੀ ਨਹੀਂ ਹੋ ਸਕੀ ਤੇ ਨਾ ਹੀ ਨਿਰਮਾਣ ਕਾਰਜ ਸ਼ੁਰੂ ਹੋਇਆ। ਹਰ ਰੋਜ਼ 700 ਤੋਂ 900 ਦੇ ਕਰੀਬ ਲੋਕ ਸਿਹਤ ਸੇਵਾਵਾਂ ਨਾਲ ਸੰਬੰਧਿਤ ਕੰਮ ਲਈ ਪੁੱਜਦੇ ਹਨ। ਲੋਕਾਂ ਦੇ ਨਾਲ-ਨਾਲ ਸਟਾਫ ਦੇ ਮੈਂਬਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲਦੀ ਹੀ ਸਿਵਲ ਸਰਜਨ ਦਫਤਰ ਦੀ ਨਵੀਂ ਇਮਾਰਤ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਨਾਲ ਲੋਕਾਂ ਦੀ ਸਮੱਸਿਆ ਦਾ ਹੱਲ ਹੋਵੇਗਾ। ਸਿਹਤ ਵਿਭਾਗ ਨੇ ਨਕਸ਼ਾ ਤੇ ਐਸਟੀਮੇਟ ਤਿਆਰ ਕਰ ਲਿਆ ਹੈ ਤੇ ਛੇਤੀ ਹੀ ਨਿਰਮਾਣ ਕਾਰਜ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਵਿਭਾਗ ਵੱਲੋਂ 14 ਕਰੋੜ ਰੁਪਏ ਦੀ ਲਾਗਤ ਨਾਲ ਸਿਵਲ ਸਰਜਨ ਦਫਤਰ ਦੀ ਇਮਾਰਤ ਦਾ ਨਿਰਮਾਣ ਕੀਤਾ ਜਾਵੇਗਾ।
ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਬਣੀ ਸਿਵਲ ਸਰਜਨ ਦਫਤਰ ਦੀ ਪੁਰਾਣੀ ਇਮਾਰਤ ਨੂੰ ਡੇਗ ਕੇ ਉਥੇ ਕ੍ਰਿਟੀਕਲ ਕੇਅਰ ਬਲਾਕ ਦੀ ਇਮਾਰਤ ਦਾ ਨਿਰਮਾਣ ਜ਼ੋਰਾਂ 'ਤੇ ਚੱਲ ਰਿਹਾ ਹੈ। ਉਥੇ ਸ਼ਿਫਟ ਕੀਤਾ ਗਿਆ ਸਿਵਲ ਸਰਜਨ ਦਫਤਰ ਇਸ ਵੇਲੇ ਸਿਵਲ ਹਸਪਤਾਲ ਵਿਚ ਲਗਪਗ ਛੇ ਥਾਵਾਂ 'ਤੇ ਚੱਲ ਰਿਹਾ ਹੈ। ਸਿਵਲ ਸਰਜਨ ਦਫਤਰ ਦਾ ਮੈਡੀਕਲ ਬਿਲ ਰੀਇੰਬਰਸਮੈਂਟ ਵਿਭਾਗ, ਜਨਮ ਮੌਤ ਵਿਭਾਗ, ਪੀਪੀ ਯੂਨਿਟ, ਆਈ ਮੋਬਾਈਲ, ਐੱਨਐੱਚਐੱਮ, ਐਂਟੀ ਲਾਰਵਾ ਦਾ ਸਟਾਫ ਵੱਖ-ਵੱਖ ਥਾਵਾਂ 'ਤੇ ਕੰਮ ਕਰ ਰਿਹਾ ਹੈ। ਮੁਲਾਜ਼ਮਾਂ ਤੇ ਲੋਕਾਂ ਨੂੰ ਕੰਮ ਕਰਨ ਲਈ ਫਾਈਲਾਂ ਲੈ ਕੇ ਇਕ ਤੋਂ ਦੂਜੇ ਵਿਭਾਗ ਤੱਕ ਪੁੱਜਣਾ ਪੈਂਦਾ ਹੈ। ਪਿਛਲੇ 22 ਮਹੀਨਿਆਂ ਤੋਂ ਸਟਾਫ ਦੇ ਮੈਂਬਰ ਵੀ ਨਵੀਂ ਇਮਾਰਤ ਦੇ ਨਿਰਮਾਣ ਦਾ ਇੰਤਜ਼ਾਰ ਕਰ ਰਹੇ ਹਨ ਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।
ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਕਸੀਅਨ ਸੁਖਚੈਨ ਸਿੰਘ ਦਾ ਕਹਿਣਾ ਹੈ ਕਿ ਕੰਸਲਟੈਂਟ ਵੱਲੋਂ ਸਿਵਲ ਹਸਪਤਾਲ ਦਾ ਦੌਰਾ ਕਰਕੇ ਮੌਕਾ ਦੇਖ ਲਿਆ ਗਿਆ ਹੈ। ਦਫਤਰ ਦੀ ਇਮਾਰਤ ਦੇ ਨਕਸ਼ੇ ਤੇ ਐਕਸੀਮੇਟ ਤਿਆਰ ਹਨ। ਫਾਈਲ ਸਿਵਲ ਸਰਜਨ ਦਫਤਰ ’ਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਤੇ ਸਹਿਮਤੀ ਲਈ ਭੇਜੀ ਗਈ ਹੈ। ਇਸ ਤੋਂ ਬਾਅਦ ਟੈਂਡਰ ਕੱਢ ਕੇ ਲਗਪਗ ਇਕ ਮਹੀਨੇ ਵਿਚ ਇਮਾਰਤ ਦੇ ਨਿਰਮਾਣ ਕਾਰਜ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਦਾ ਕਹਿਣਾ ਹੈ ਕਿ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਇੰਜੀਨੀਅਰਿੰਗ ਵਿੰਗ ਨੇ ਇਮਾਰਤ ਦੇ ਨਿਰਮਾਣ ਕਾਰਜ ਨੂੰ ਲੈ ਕੇ ਨਕਸ਼ੇ ਅਤੇ ਹੋਰ ਕਾਗਜ਼ਾਤ ਦਾ ਮੌਕੇ ਦਾ ਜਾਇਜ਼ਾ ਲੈ ਕੇ ਸਹਿਮਤੀ ਦੇਣੀ ਹੈ। ਇਸ ਤੋਂ ਬਾਅਦ ਜਲਦੀ ਹੀ ਫਾਈਲ ਵਿਭਾਗ ਨੂੰ ਭੇਜ ਕੇ ਇਮਾਰਤ ਦੇ ਨਿਰਮਾਣ ਕਾਰਜ ਨੂੰ ਸ਼ੁਰੂ ਕਰਵਾਇਆ ਜਾਵੇਗਾ।