ਧੁੰਦ ਕਾਰਨ ਵਾਪਰੇ ਦੋ ਹਾਦਸਿਆ ’ਚ ਕਈ ਵਾਹਨ ਨੁਕਸਾਨੇ
ਧੁੰਦ ਕਾਰਨ ਵਾਪਰੇ ਦੋ ਹਾਦਸਿਆ ’ਚ ਕਈ ਵਾਹਨ ਨੁਕਸਾਨੇ, ਜਾਨੀ ਨੁਕਸਾਨ ਤੋਂ ਬਚਾਅ
Publish Date: Sat, 03 Jan 2026 07:12 PM (IST)
Updated Date: Sat, 03 Jan 2026 07:14 PM (IST)

ਅਵਾਰਾ ਪਸ਼ੂ ਨਾਲ ਟਕਰਾ ਕੇ ਕਾਰ ਪਲਟੀ, ਪਿੱਛੋਂ ਆ ਰਹੀ ਕਾਰ ਤੇ ਟਰੈਕਟਰ-ਟਰਾਲੀ ਵੀ ਟਕਰਾਏ ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਇੱਥੋਂ ਨੇੜੇ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਬੀਤੀ ਰਾਤ ਧੁੰਦ ਕਾਰਨ ਵਪਾਰੇ ਦੋ ਹਾਦਸਿਆ ’ਚ ਕਈ ਵਾਹਨ ਆਪਸ ’ਚ ਟਕਰਾ ਕੇ ਨੁਕਸਾਨੇ ਗਏ ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਹਿਲਾ ਹਾਦਸਾ ਬਿਸਤ ਦੁਆਬ ਨਹਿਰ ਦੇ ਕੋਲ ਵਾਪਰਿਆ ਜਿੱਥੇ ਕਾਰ ਧੁੰਦ ਕਾਰਨ ਅਵਾਰਾ ਪਸ਼ੂ ਨਾਲ ਟਕਰਾਉਣ ਨਾਲ ਪਲਟ ਗਈ। ਇਸੇ ਦੌਰਾਨ ਉਸ ਪਿੱਛੇ ਆ ਰਹੀ ਹੋਰ ਕਾਰ ਤੇ ਟਰੈਕਟਰ-ਟਰਾਲੀ ਵੀ ਆਪਸ ’ਚ ਟਕਰਾ ਗਏ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਏਐੱਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਸਵਿਫਟ ਕਾਰ ਨੂੰ ਲਵਪ੍ਰੀਤ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਪਿੰਡ ਭਾਂਡੇਰ ਥਾਣਾ ਤਿੱਬੜ ਜ਼ਿਲ੍ਹਾ ਗੁਰਦਾਸਪੁਰ ਚਲਾ ਰਿਹਾ ਸੀ, ਜੋ ਜਲੰਧਰ ਨੂੰ ਜਾ ਰਹੀ ਸੀ। ਸੰਘਣੀ ਧੁੰਦ ਹੋਣ ਕਾਰਨ ਲਾਵਾਰਿਸ ਪਸ਼ੂ ਸੜਕ ਵਿਚਾਲੇ ਆ ਜਾਣ ਕਾਰਨ ਉਸ ਨੂੰ ਬਚਾਉਣ ਦੇ ਚੱਕਰ ’ਚ ਕਾਰ ਬੇਕਾਬੂ ਹੋ ਕੇ ਪਲਟ ਗਈ। ਉਸ ਦੇ ਪਿੱਛੇ ਆ ਰਹੀ ਇੱਕ ਕਾਰ ਜਿਸ ਨੂੰ ਹਰਕਰਨ ਸਿੰਘ ਪੁੱਤਰ ਓਂਕਾਰ ਸਿੰਘ ਵਾਸੀ ਭੋਗਪੁਰ ਚਲਾ ਰਿਹਾ ਸੀ ਤੇ ਟਰੈਕਟਰ ਟਰਾਲੀ ਜਿਸ ਨੂੰ ਸਾਹਦੀਨ ਪੁੱਤਰ ਨਮੀ ਬੁੱਲੋਵਾਲ ਹੁਸ਼ਿਆਰਪੁਰ ਚਲਾ ਰਿਹਾ ਸੀ, ਵੀ ਆਪਸ ਵਿਚ ਟਕਰਾ ਗਏ। ਇਸ ਹਾਦਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪ੍ਰੰਤੂ ਗੱਡੀਆਂ ਕਾਫੀ ਨੁਕਸਾਨੀਆਂ ਗਈਆਂ। ਐੱਸਐੱਸਐੱਫ ਟੀਮ ਨੇ ਦੱਸਿਆ ਕਿ ਦੋਹਾਂ ਪਾਰਟੀਆਂ ਵੱਲੋਂ ਆਪਸੀ ਰਾਜ਼ੀਨਾਮਾ ਕਰ ਲਿਆ ਗਿਆ ਹਾਲਾਂਕਿ ਇਸ ਹਾਦਸੇ ਸਬੰਧੀ ਪੁਲਿਸ ਚੌਕੀ ਅਲਾਵਲਪੁਰ ਦੇ ਏਐੱਸਆਈ ਪਰਮਜੀਤ ਸਿੰਘ ਨੂੰ ਸੂਚਿਤ ਕੀਤਾ ਗਿਆ, ਜੋ ਮੁਲਾਜ਼ਮਾਂ ਨਾਲ ਮੌਕਾ ਦੇਖਣ ਲਈ ਪੁੱਜੇ। --- ਟਿੱਪਰ ਨੇ ਕਾਰ ਸਮੇਤ ਦੋ ਗੈਸ ਟੈਂਕਰਾਂ ਨੂੰ ਮਾਰੀ ਟੱਕਰ, ਇਕ ਪਲਟਿਆ ਦੂਜਾ ਹਾਦਸਾ ਅੱਡਾ ਬਿਆਸ ਪਿੰਡ ਨੇੜੇ ਬੀਤੀ ਦੇਰ ਰਾਤ ਵਾਪਰਿਆ। ਬੱਜਰੀ ਨਾਲ ਲੱਦਿਆ ਟਿੱਪਰ ਜਲੰਧਰ ਵੱਲ ਨੂੰ ਜਾ ਰਿਹਾ ਸੀ ਕਿ ਸੰਘਣੀ ਧੁੰਦ ਹੋਣ ਕਾਰਨ ਢਾਬੇ ਦੇ ਸਾਹਮਣੇ ਕਾਰ ਸਮੇਤ ਦੋ ਗੈਸ ਟੈਂਕਰਾਂ ਨੂੰ ਟੱਕਰ ਮਾਰੀ। ਇਸ ਨਾਲ ਗੈਸ ਟੈਂਕਰ ਪਲਟ ਗਿਆ ਤੇ ਕਾਰ ਵੀ ਨੁਕਸਾਨੀ ਗਈ। ਐੱਸਐੱਸਐੱਫ ਫੋਰਸ ਮੁਤਾਬਕ ਰਾਤ 10:30 ਵਜੇ ਦੇ ਕਰੀਬ ਹਾਦਸੇ ਦੀ ਸੂਚਨਾ ਮਿਲੀ ਸੀ। ਸੂਚਨਾ ਉਪਰੰਤ ਟੀਮ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਬੱਜਰੀ ਨਾਲ ਭਰਿਆ ਟਿੱਪਰ, ਜਿਸ ਨੂੰ ਡਰਾਈਵਰ ਦੀਪਾ ਵਾਸੀ ਮਲੇਰਕੋਟਲਾ ਚਲਾ ਰਿਹਾ ਸੀ, ਸੰਘਣੀ ਧੁੰਦ ਹੋਣ ਕਾਰਨ ਕਾਰ ਜਿਸ ਨੂੰ ਸਤਨਾਮ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਬਾਘਾਪੁਰਾਣਾ ਮੋਗਾ ਚਲਾ ਰਿਹਾ ਸੀ, ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਟਿੱਪਰ ਸਾਈਡ ’ਤੇ ਖੜ੍ਹੇ ਖਾਲੀ ਗੈਸ ਟੈਂਕਰ (ਜਿਸ ਦਾ ਡਰਾਈਵਰ ਰਮੇਸ਼ ਲਾਲ ਪੁੱਤਰ ਕਾਕਾ ਰਾਮ ਵਾਸੀ ਪਿੰਡ ਸੰਭਾ ਥਾਣਾ ਰਾਮਗੜ੍ਹ ਜੰਮੂ) ਨਾਲ ਟਕਰਾ ਗਿਆ। ਇਸ ਕਾਰਨ ਗੈਸ ਟੈਂਕਰ ਪਲਟ ਗਿਆ ਅਤੇ ਫਿਰ ਟਿੱਪਰ ਦੂਸਰੇ ਗੈਸ ਟੈਂਕਰ (ਡਰਾਈਵਰ ਜੋਗਿੰਦਰ ਕੁਮਾਰ ਪੁੱਤਰ ਰੁਕਾ ਰਾਮ ਵਾਸੀ ਰਾਮਗੜ੍ਹ ਜੰਮੂ) ਨਾਲ ਜਾ ਟਕਰਾਇਆ। ਇਸ ਹਾਦਸੇ ਦੌਰਾਨ ਟਿੱਪਰ ਦਾ ਡਰਾਈਵਰ ਦੀਪਾ ਮੌਕੇ ਤੋਂ ਫਰਾਰ ਹੋ ਗਿਆ। ਐਸਐਸ ਫੋਰਸ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀਆਂ ਜਿਸ ਕਾਰ ਤੇ ਗੈਸ ਟੈਂਕਰ ਨੁਕਸਾਨੇ ਗਏ। ਇਸ ਉਪਰੰਤ ਐੱਸਐੱਸਐੱਫ ਟੀਮ ਵੱਲੋਂ ਹਾਦਸਾਗ੍ਰਸਤ ਵਾਹਨਾਂ ਦੇ ਪਿੱਛੇ ਸੇਫਟੀ ਕੋਣ ਲਾਏ ਗਏ ਤਾਂ ਜੋ ਆਉਣ ਵਾਲੇ ਵਾਹਨਾਂ ਨੂੰ ਹਾਦਸੇ ਸਬੰਧੀ ਪਤਾ ਲੱਗ ਸਕੇ ਅਤੇ ਕੋਈ ਹੋਰ ਹਾਦਸਾ ਨਾ ਵਾਪਰ ਸਕੇ। ਉਨ੍ਹਾਂ ਦੱਸਿਆ ਕਿ ਹਾਦਸਾ ਗ੍ਰਸਤ ਵਾਹਨ ਸਾਈਡ ’ਤੇ ਸਨ, ਜਿਸ ਕਾਰਨ ਆਵਾਜਾਈ ਨਿਰਵਿਗਨ ਚਾਲੂ ਰਹੀ। ਇਸ ਹਾਦਸੇ ਸਬੰਧੀ ਐੱਸਐੱਸਐੱਫ ਟੀਮ ਵੱਲੋਂ ਸੰਬੰਧਿਤ ਪੁਲਿਸ ਚੌਕੀ ਅਲਾਵਲਪੁਰ ਦੇ ਏਐੱਸਆਈ ਪਰਮਜੀਤ ਸਿੰਘ ਨੂੰ ਸੂਚਿਤ ਕੀਤਾ ਗਿਆ। ਸੂਚਨਾ ਉਪਰੰਤ ਅਲਾਵਲਪੁਰ ਪੁਲਿਸ ਚੌਕੀ ਤੋਂ ਸੀਨੀਅਰ ਕਾਂਸਟੇਬਲ ਭੁਪਿੰਦਰ ਸਿੰਘ ਮੌਕਾ ਦੇਖਣ ਪਹੁੰਚੇ।