ਟਾਂਗਰਾ ਸਟੇਸ਼ਨ ’ਤੇ ਇੰਟਰਲਾਕਿੰਗ ਕੰਮ ਕਾਰਨ ਕਈ ਰੇਲ ਗੱਡੀਆਂ ਪ੍ਰਭਾਵਿਤ
ਟਾਂਗਰਾ ਸਟੇਸ਼ਨ ’ਤੇ ਇੰਟਰਲਾਕਿੰਗ ਕੰਮ ਕਾਰਨ ਕਈ ਰੇਲਗੱਡੀਆਂ ਪ੍ਰਭਾਵਿਤ
Publish Date: Wed, 25 Mar 2026 10:31 PM (IST)
Updated Date: Wed, 25 Mar 2026 10:35 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਸਿਟੀ-ਅੰਮ੍ਰਿਤਸਰ ਰੇਲ ਸੈਕਸ਼ਨ ਦੇ ਟਾਂਗਰਾ ਸਟੇਸ਼ਨ ’ਤੇ ਸਿਗਨਲ ਗੀਅਰ ਤੇ ਇਲੈਕਟ੍ਰਾਨਿਕ ਇੰਟਰਲਾਕਿੰਗ ਕੰਮ ਚੱਲਣ ਕਾਰਨ ਰੇਲਵੇ ਵੱਲੋਂ ਕਈ ਗੱਡੀਆਂ ਦੇ ਸੰਚਾਲਨ ’ਚ ਬਦਲਾਅ ਕੀਤਾ ਗਿਆ ਹੈ। ਇਸ ਕਾਰਨ 30 ਮਾਰਚ ਨੂੰ ਪੰਜ ਰੇਲਗੱਡੀਆਂ ਰੱਦ ਰਹਿਣਗੀਆਂ, ਜਦਕਿ ਕੁਝ ਹੋਰ ਗੱਡੀਆਂ ਦੇ ਰੂਟ ਤੇ ਸਮੇਂ ’ਚ ਤਬਦੀਲੀ ਕੀਤੀ ਗਈ ਹੈ। ਰੱਦ ਹੋਣ ਵਾਲੀਆਂ ਗੱਡੀਆਂ ’ਚ ਜਲੰਧਰ-ਅੰਮ੍ਰਿਤਸਰ ਡੀਐੱਮਯੂ (74641) ਵੀ ਸ਼ਾਮਲ ਹੈ, ਜਿਸ ਕਾਰਨ ਰੋਜ਼ਾਨਾ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਇਲਾਵਾ ਲੁਧਿਆਣਾ-ਛੇਹਰਟਾ (64551-52) ਗੱਡੀ ਨੂੰ ਭੁਟਾਰੀ ਤੱਕ ਹੀ ਚਲਾਇਆ ਜਾਵੇਗਾ ਤੇ ਉੱਥੋਂ ਹੀ ਵਾਪਸੀ ਕਰੇਗੀ। ਹੋਰ ਗੱਡੀਆਂ ’ਚ ਨਵੀਂ ਦਿੱਲੀ-ਅੰਮ੍ਰਿਤਸਰ ਸਵਰਨ ਸ਼ਤਾਬਦੀ ਐਕਸਪ੍ਰੈੱਸ (12029), ਚੰਡੀਗੜ੍ਹ-ਅੰਮ੍ਰਿਤਸਰ (12411) ਤੇ ਨੰਗਲ ਡੈਮ (14506) ਨੂੰ 30 ਮਾਰਚ ਨੂੰ ਬਦਲੇ ਰੂਟ ਰਾਹੀਂ ਚਲਾਇਆ ਜਾਵੇਗਾ। ਇਸੇ ਤਰ੍ਹਾਂ ਕਟਿਹਾਰ-ਅੰਮ੍ਰਿਤਸਰ (15707) 28 ਮਾਰਚ ਨੂੰ ਬਿਆਸ, ਤਰਨਤਾਰਨ ਰਾਹੀਂ ਚੱਲੇਗੀ। ਇਸ ਤੋਂ ਇਲਾਵਾ ਨਵੀਂ ਦਿੱਲੀ-ਅੰਮ੍ਰਿਤਸਰ ਸ਼ਾਨ-ਏ-ਪੰਜਾਬ ਐਕਸਪ੍ਰੈੱਸ (12497) ਨੂੰ 30 ਮਾਰਚ ਨੂੰ ਕਰੀਬ 20 ਮਿੰਟ ਦੀ ਦੇਰੀ ਨਾਲ ਚਲਾਇਆ ਜਾਵੇਗਾ, ਜਦਕਿ ਅੰਮ੍ਰਿਤਸਰ-ਜੈਨਗਰ (14650) 45 ਮਿੰਟ ਅਤੇ ਸਹਰਸਾ-ਅੰਮ੍ਰਿਤਸਰ (15531) 29 ਮਾਰਚ ਨੂੰ ਲਗਪਗ 60 ਮਿੰਟ ਦੀ ਦੇਰੀ ਨਾਲ ਵੱਖ-ਵੱਖ ਸਟੇਸ਼ਨਾਂ ’ਤੇ ਰੋਕ ਕੇ ਚਲਾਈ ਜਾਵੇਗੀ। ਰੇਲਵੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਯਾਤਰਾ ਤੋਂ ਪਹਿਲਾਂ ਗੱਡੀਆਂ ਦੀ ਤਾਜ਼ਾ ਜਾਣਕਾਰੀ ਜ਼ਰੂਰ ਪ੍ਰਾਪਤ ਕਰ ਲੈਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ।