ਜਾਸ, ਜਲੰਧਰ : ਤਾਪਮਾਨ

ਜਾਸ, ਜਲੰਧਰ : ਤਾਪਮਾਨ ’ਚ ਹੋਇਆ ਅਚਾਨਕ ਵਾਧਾ ਸੜਕਾਂ ਬਣਾਉਣ ਲਈ ਲਾਭਦਾਇਕ ਸਾਬਤ ਹੋਵੇਗਾ। ਕਈ ਮਹੀਨਿਆਂ ਤੋਂ ਖਰਾਬ ਸੜਕਾਂ ਦਾ ਸਾਹਮਣਾ ਕਰ ਰਹੇ ਸ਼ਹਿਰ ਵਾਸੀਆਂ ਨੂੰ ਹੁਣ ਰਾਹਤ ਮਿਲਣ ਵਾਲੀ ਹੈ। ਲੁੱਕ-ਬਜਰੀ ਦੀਆਂ ਸੜਕਾਂ ਬਣਾਉਣ ਦਾ ਕੰਮ ਹਫਤੇ ਵਿਚ ਸ਼ੁਰੂ ਹੋਵੇਗਾ। ਮੌਸਮ ਹੁਣ ਸੜਕ ਬਣਾਉਣ ਲਈ ਢੁੱਕਵਾਂ ਹੈ•। 10 ਮਾਰਚ ਤੋਂ ਬਾਅਦ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦਾ ਨਿਰਮਾਣ ਸ਼ੁਰੂ ਹੋਵੇਗਾ। ਨਗਰ ਨਿਗਮ ਦਾ ਖਾਸ ਧਿਆਨ ਸਰਫੇਸ ਵਾਟਰ ਪ੍ਰੋਜੈਕਟ ਲਈ ਤੋੜੀਆਂ ਗਈਆਂ ਸੜਕਾਂ ਦੇ ਨਿਰਮਾਣ ’ਤੇ ਰਹੇਗਾ। ਸਭ ਤੋਂ ਪਹਿਲਾਂ ਨਗਰ ਨਿਗਮ ਗੁਰੂ ਤੇਗ ਬਹਾਦਰ ਨਗਰ ਤੇ ਮਹਾਵੀਰ ਮਾਰਗ ਦੀਆਂ ਸੜਕਾਂ ਬਣਾਏਗਾ। ਮਹਾਵੀਰ ਮਾਰਗ ਨੂੰ ਡਾ. ਬੀ.ਆਰ. ਅੰਬੇਡਕਰ ਚੌਕ ਤੋਂ ਕਪੂਰਥਲਾ ਚੌਕ ਤੱਕ ਲਗਪਗ ਇਕ ਸਾਲ ਪਹਿਲਾਂ ਸਰਫੇਸ ਵਾਟਰ ਪ੍ਰੋਜੈਕਟ ਦੀ ਪਾਈਪ ਲਾਈਨ ਵਿਛਾਉਣ ਲਈ ਤੋੜਿਆ ਗਿਆ ਸੀ। ਇਹ ਸ਼ਹਿਰ ਦੀ ਲਾਈਫ ਲਾਈਨ ਹੈ ਤੇ ਇਕ ਸਾਲ ਤੋਂ ਇਸ ਰੋਡ ’ਤੇ ਟ੍ਰੈਫਿਕ ਬਹੁਤ ਪ੍ਰਭਾਵਿਤ ਹੋਇਆ ਹੈ। ਇਸ ਰੋਡ ਦੇ ਇਕ ਵੱਡੇ ਹਿੱਸੇ ਦਾ ਬੇਸ ਵਰਕ ਕਰ ਲਿਆ ਗਿਆ ਹੈ ਤੇ ਹੁਣ ਇਸ 'ਤੇ ਲੁੱਕ-ਬਜਰੀ ਦੀ ਪਰਤ ਵਿਛਾਉਣ ਦਾ ਕੰਮ ਹੋਣਾ ਹੈ। ਪਿਛਲੇ ਮੌਨਸੂਨ ’ਚ ਇਸ ਰੋਡ ’ਤੇ ਦਲਦਲ ਕਾਰਨ ਅਜਿਹੇ ਹਾਲਾਤ ਬਣ ਗਏ ਸਨ ਕਿ ਟਰੱਕ ਤੇ ਕਾਰਾਂ ਉਲਟ ਗਈਆਂ ਸਨ।
ਇਸੇ ਤਰ੍ਹਾਂ ਦੇ ਹਾਲਾਤ ਗੁਰੂ ਰਵਿਦਾਸ ਚੌਕ ਤੋਂ ਗੁਰੂ ਤੇਗ ਬਹਾਦਰ ਨਗਰ ਰੋਡ ਦੇ ਵੀ ਹਨ। ਮੈਨਬ੍ਰੋ ਚੌਕ ਤੋਂ ਕਾਲੋਨੀ ਤੇ ਮੈਨ ਰੋਡ ਪੁੱਟਣ ਕਾਰਨ ਇਸ ਰੋਡ ’ਤੇ ਸਥਿਤ ਹਸਪਤਾਲਾਂ ਤੱਕ ਪੁੱਜਣਾ ਵੀ ਮੁਸ਼ਕਲ ਹੋ ਗਿਆ ਸੀ। ਇਸ ਰੋਡ ਦਾ ਵੀ ਬੇਸ ਵਰਕ ਕਰ ਦਿੱਤਾ ਗਿਆ ਹੈ। ਇਸ ਰੋਡ ’ਤੇ ਕੰਮ ਕਰਨ ਵਾਲਿਆਂ ਨੂੰ ਤਾਂ ਮੁਸ਼ਕਲ ਹੋ ਰਹੀ ਹੈ ਤੇ ਧੂੜ-ਮਿੱਟੀ ਕਾਰਨ ਲੋਕ ਬਿਮਾਰ ਵੀ ਹੋ ਰਹੇ ਹਨ।
---
ਪਹਿਲਾਂ ਬਣਨਗੀਆਂ ਭੀੜ-ਭੜੱਕੇ ਵਾਲਿਆਂ ਸੜਕਾਂ
ਨਗਰ ਨਿਗਮ ਦੇ ਐੱਸਈ ਰਜਨੀਸ਼ ਡੋਗਰਾ ਨੇ ਦੱਸਿਆ ਕਿ ਸ਼ਹਿਰ ਦੀਆਂ ਖਰਾਬ ਸੜਕਾਂ ਦੀ ਸੂਚੀ ਪਹਿਲਾਂ ਹੀ ਤਿਆਰ ਕੀਤੀ ਜਾ ਚੁੱਕੀ ਹੈ। ਇਨ੍ਹਾਂ ’ਚ ਜੇਪੀ ਨਗਰ, ਗੁਰੂ ਤੇਗ ਬਹਾਦੁਰ ਨਗਰ, ਲਤੀਫਪੁਰਾ ਰੋਡ, ਗਾਰਡਨ ਕਾਲੋਨੀ ਦੀਆਂ ਸੜਕਾਂ ਪ੍ਰਮੁੱਖ ਤੌਰ 'ਤੇ ਸ਼ਾਮਲ ਹਨ। ਐੱਸਈ ਨੇ ਦੱਸਿਆ ਕਿ ਹਾਟ ਮਿਕਸਿੰਗ ਪਲਾਂਟ ਸ਼ੁਰੂ ਹੋਣ ਜਾ ਰਹੇ ਹਨ। ਪਹਿਲਾਂ ਮਹਾਵੀਰ ਮਾਰਗ ਤੇ ਗੁਰੂ ਰਵਿਦਾਸ ਮਹਾਰਾਜ ਚੌਕ ਤੋਂ ਗੁਰੂ ਤੇਗ ਬਹਾਦਰ ਨਗਰ ਦੀਆਂ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਤੋਂ ਬਾਅਦ ਸਰਫੇਸ ਵਾਟਰ ਪ੍ਰੋਜੈਕਟ ਲਈ ਤੋੜੀਆਂ ਗਈਆਂ ਹੋਰ ਸੜਕਾਂ ਦਾ ਵੀ ਨਿਰਮਾਣ ਹੋਵੇਗਾ।
---
ਚਾਰਾਂ ਹਲਕਿਆਂ ’ਚ ਬਣਨਗੇ ਕੰਕਰੀਟ ਵਾਲੀ ਰੋਡ
ਨਗਰ ਨਿਗਮ ਨੇ ਸੂਬਾ ਸਰਕਾਰ ਦੀ ਗ੍ਰਾਂਟ ਨਾਲ ਸ਼ਹਿਰ ਦੇ ਚਾਰਾਂ ਵਿਧਾਨ ਸਭਾ ਹਲਕਿਆਂ ’ਚ ਵੀ ਸੜਕ ਨਿਰਮਾਣ ਦੀ ਤਿਆਰੀ ਕੀਤੀ ਹੈ। ਇਸ 'ਤੇ ਲਗਪਗ 25 ਕਰੋੜ ਰੁਪਏ ਖਰਚ ਆਉਣਗੇ। ਇਸ ਦੇ ਟੈਂਡਰ ਲਾਏ ਗਏ ਹਨ। ਸੈਂਟਰਲ ਹਲਕੇ ’ਚ ਸੰਤੋਸ਼ੀ ਨਗਰ ’ਚ ਕੰਕਰੀਟ ਦੇ ਨਿਰਮਾਣ ਲਈ ਬੇਸ ਵਰਕ ਸ਼ੁਰੂ ਕਰ ਦਿੱਤਾ ਗਿਆ ਹੈ। ਕੈਂਟ ਹਲਕੇ ’ਚ ਵੀ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ। ਨਾਰਥ ਤੇ ਵੈਸਟ ਹਲਕੇ ਵਿਚ ਵੀ ਟੈਂਡਰ ਲਗਾਏ ਗਏ ਹਨ। ਚਾਰਾਂ ਹਲਕਿਆਂ ਵਿਚ ਕੰਕਰੀਟ ਰੋਡ ਲਈ ਇਕ-ਇਕ ਠੇਕੇਦਾਰ ਹੀ ਦਿੱਤਾ ਜਾ ਰਿਹਾ ਹੈ। ਜੋ ਵੀ ਸੜਕਾਂ ਤੈਅ ਕੀਤੀਆਂ ਗਈਆਂ ਹਨ, ਉਨ੍ਹਾਂ ਦਾ ਕੰਮ ਇਕ ਹੀ ਠੇਕੇਦਾਰ ਕਰੇਗਾ।