ਗਾਂਧੀ ਵਨੀਤਾ ਆਸ਼ਰਮ ’ਚ ਇਕ ਹੋਰ ਮੌਤ ਨੇ ਖੜ੍ਹੇ ਕੀਤੇ ਕਈ ਸਵਾਲ
ਢਾਈ ਮਹੀਨਿਆਂ ’ਚ ਗਾਂਧੀ ਵਨੀਤਾ ਆਸ਼ਰਮ ’ਚ ਦੂਜੀ ਨਾਬਾਲਿਗ ਦੀ ਮੌਤ ਨਾਲ ਖੜੇ ਹੋ ਰਹੇ ਕਈ ਸਵਾਲ
Publish Date: Tue, 17 Feb 2026 10:43 PM (IST)
Updated Date: Tue, 17 Feb 2026 10:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗਾਂਧੀ ਵਨੀਤਾ ਆਸ਼ਰਮ ’ਚ ਪਿਛਲੇ ਢਾਈ ਮਹੀਨਿਆਂ ਦੌਰਾਨ ਦੂਜੀ ਨਾਬਾਲਿਗ ਲੜਕੀ ਦੀ ਮੌਤ ਨੂੰ ਲੈ ਕੇ ਇਕ ਵਾਰ ਫਿਰ ਕਈ ਸਵਾਲ ਖੜੇ ਹੋ ਗਏ ਹਨ। ਕਿਹਾ ਜਾ ਰਿਹਾ ਹੈ ਕਿ 17 ਸਾਲਾ ਲੜਕੀ ਦੀ ਮੌਤ ਸਾਹ ਲੈਣ ’ਚ ਦਿੱਕਤ ਕਾਰਨ ਹੋਈ ਹੈ, ਜਿਸ ਨੂੰ 15 ਫ਼ਰਵਰੀ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਲੜਕੀ 18 ਜਨਵਰੀ ਨੂੰ ਗਾਂਧੀ ਵਨੀਤਾ ਆਸ਼ਰਮ ਆਈ ਸੀ ਤੇ ਉਸ ਨੂੰ ਚਾਈਲਡ ਵੈੱਲਫੇਅਰ ਕਮੇਟੀ, ਹੁਸ਼ਿਆਰਪੁਰ ਦੀ ਸਿਫ਼ਾਰਸ਼ ’ਤੇ ਆਸ਼ਰਮ ਭੇਜਿਆ ਗਿਆ ਸੀ। ਇਸ ਤੋਂ ਪਹਿਲਾਂ ਵੀ ਇਕ ਹੋਰ ਨਾਬਾਲਿਗ ਲੜਕੀ ਦੀ ਮੌਤ ਹੋਈ ਸੀ। ਉਸ ਵੇਲੇ ਲੜਕੀ ਆਸ਼ਰਮ ਦੇ ਬਾਥਰੂਮ ’ਚ ਡਿੱਗੀ ਹੋਈ ਹਾਲਤ ’ਚ ਮਿਲੀ ਸੀ। ਉਸੇ ਬਾਥਰੂਮ ’ਚ ਇਕ ਕੁਰਸੀ ਰੱਖੀ ਹੋਈ ਸੀ ਤੇ ਟੁੱਟਿਆ ਹੋਇਆ ਐਗਜ਼ਾਸਟ ਫੈਨ ਵੀ ਡਿੱਗਿਆ ਮਿਲਿਆ ਸੀ। ਇਸ ਨੂੰ ਲੈ ਕੇ ਭਰੋਸਾ ਪ੍ਰਗਟਾਇਆ ਗਿਆ ਸੀ ਕਿ ਲੜਕੀ ਸ਼ਾਇਦ ਆਸ਼ਰਮ ਤੋਂ ਭੱਜਣ ਦੀ ਕੋਸ਼ਿਸ਼ ਕਰਦਿਆਂ ਡਿੱਗ ਕੇ ਜ਼ਖ਼ਮੀ ਹੋ ਗਈ ਹੋਵੇ, ਜਿਸ ਨਾਲ ਉਸ ਦੀ ਮੌਤ ਹੋ ਗਈ। ਹਾਲਾਂਕਿ ਬਾਅਦ ’ਚ ਆਈ ਪੋਸਟਮਾਰਟਮ ਰਿਪੋਰਟ ’ਚ ਸਰੀਰ ’ਤੇ ਕਈ ਸੱਟਾਂ ਦੇ ਨਿਸ਼ਾਨ ਮਿਲੇ ਸਨ। ਇਸ ਸਬੰਧੀ ਜਾਂਚ ਅਧਿਕਾਰੀ ਐੱਸਡੀਐੱਮ-2 ਸ਼ਾਇਰੀ ਮਲਹੋਤਰਾ ਦਾ ਕਹਿਣਾ ਸੀ ਕਿ ਸਿਹਤ ਵਿਭਾਗ ਵੱਲੋਂ ਵਿਸਰਾ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨ ਬਾਰੇ ਕੁਝ ਸਪੱਸ਼ਟ ਤੌਰ ’ਤੇ ਕਿਹਾ ਜਾ ਸਕੇਗਾ। ਓਧਰ, ਦੂਜੀ ਨਾਬਾਲਿਗ ਦੀ ਮੌਤ ਦੇ ਮਾਮਲੇ ’ਚ ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਸ਼ੈਨਾ ਅਗਰਵਾਲ ਨੇ ਕਿਹਾ ਕਿ ਇਹ ਮਾਮਲਾ ਗੰਭੀਰ ਹੈ। ਗਾਂਧੀ ਵਨੀਤਾ ਆਸ਼ਰਮ ਪ੍ਰਬੰਧਕਾਂ ਵੱਲੋਂ ਰਿਪੋਰਟ ਮਿਲਣ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਜਾਂ ਕਿਸੇ ਲਾਪਰਵਾਹੀ ਸਬੰਧੀ ਅਗਲੀ ਕਾਰਵਾਈ ਲਈ ਹੁਕਮ ਜਾਰੀ ਕੀਤੇ ਜਾਣਗੇ।