ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਪੁੱਜੇ ਸਿਸੋਦੀਆ ਤੇ ਬਾਲੀ
ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ, ਨੂਰਮਹਿਲ ਪਹੁੰਚੇ ਮਨੀਸ਼ ਸਿਸੋਦੀਆ ਤੇ ਦੀਪਕ ਬਾਲੀ
Publish Date: Tue, 07 Apr 2026 06:39 PM (IST)
Updated Date: Tue, 07 Apr 2026 06:41 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ, ਨੂਰਮਹਿਲ ਵਿਖੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਤੇ ਪੰਜਾਬ ਟੂਰਿਜ਼ਮ ਬੋਰਡ ਦੇ ਸਲਾਹਕਾਰ ਦੀਪਕ ਬਾਲੀ ਪੁੱਜੇ। ਇਸ ਮੌਕੇ ਉਨ੍ਹਾਂ ਨੇ ਸੰਸਥਾਨ ਦੇ ਕੰਪਲੈਕਸ ਦਾ ਦੌਰਾ ਕਰਦਿਆਂ ਉੱਥੇ ਚੱਲ ਰਹੀਆਂ ਵੱਖ-ਵੱਖ ਅਧਿਆਤਮਿਕ, ਸਮਾਜਿਕ ਤੇ ਸੇਵਾ-ਆਧਾਰਿਤ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ। ਦੌਰੇ ਦੌਰਾਨ ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਸਨਮਾਨਿਤ ਕਾਮਧੇਨੁ ਗੌਸ਼ਾਲਾ, ਜੈਵਿਕ ਖੇਤੀ, ਦਿਵਿਆ ਸਰੋਵਰ ਤੇ ਦਿਵਿਆ ਦਰਸ਼ਨ ਭਵਨ ਦਾ ਵੀ ਜਾਇਜ਼ਾ ਲਿਆ। ਇਸ ਤੋਂ ਇਲਾਵਾ, ਸੰਸਥਾਨ ਵੱਲੋਂ ਸਮਾਜ ਹਿੱਤ ’ਚ ਚਲਾਏ ਜਾ ਰਹੇ ਕਈ ਪ੍ਰੋਜੈਕਟਾਂ ਬਾਰੇ ਵੀ ਜਾਣਕਾਰੀ ਲਈ। ਖਾਸ ਤੌਰ ’ਤੇ ਉਨ੍ਹਾਂ ਨੇ “ਅੰਤਰ ਕ੍ਰਾਂਤੀ” ਪਹਿਲ ਤਹਿਤ ਤਿਹਾੜ ਜੇਲ੍ਹ ਦੇ ਕੈਦੀਆਂ ਵੱਲੋਂ ਫੁੱਲਾਂ ਤੋਂ ਤਿਆਰ ਕੀਤੇ ਜਾ ਰਹੇ ਰੰਗਾਂ ਤੇ ਨੇਤ੍ਰਹੀਣਾਂ ਵੱਲੋਂ ਬਣਾਈਆਂ ਮੋਮਬੱਤੀਆਂ ਤੇ ਸਾਬਣਾਂ ਨੂੰ ਦੇਖਿਆ ਤੇ ਸ਼ਲਾਘਾ ਕੀਤੀ। ਉਨ੍ਹਾਂ ਨੇ ਸੰਸਥਾਨ ਦੇ “ਪ੍ਰੋਜੈਕਟ ਮੰਥਨ” ਅਧੀਨ ਆਰਥਿਕ ਤੌਰ ’ਤੇ ਕਮਜ਼ੋਰ ਤੇ ਜ਼ਰੂਰਤਮੰਦ ਬੱਚਿਆਂ ਲਈ ਚਲਾਏ ਜਾ ਰਹੇ ਸਕੂਲਾਂ ਤੇ ਸਿੱਖਿਅਕ ਸੇਵਾਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਅਧਿਆਤਮਿਕ ਜਾਗਰੂਕਤਾ ਦੇ ਨਾਲ-ਨਾਲ ਸਮਾਜਿਕ ਭਲਾਈ, ਸਿੱਖਿਆ, ਆਤਮ ਨਿਰਭਰਤਾ ਤੇ ਵਾਤਾਵਰਨ ਸੰਭਾਲ ਦੇ ਖੇਤਰ ’ਚ ਬੇਹੱਦ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੀ ਭੇਟ ਗੁਰੂਦੇਵ ਆਸ਼ੁਤੋਸ਼ ਮਹਾਰਾਜ ਦੇ ਸ਼ਿਸ਼ ਸਵਾਮੀ ਪਰਮਾਨੰਦ, ਸਵਾਮੀ ਗਿਰਿਧਰਾਨੰਦ ਤੇ ਸਵਾਮੀ ਸੱਜਨਾਨੰਦ ਨਾਲ ਹੋਈ। ਇਸ ਮੁਲਾਕਾਤ ਦੌਰਾਨ ਸੰਸਥਾਨ ਦੀਆਂ ਸੇਵਾਵਾਂ, ਕਦਰਾਂ-ਕੀਮਤਾਂ ਤੇ ਲੋਕ-ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ’ਤੇ ਸਕਾਰਾਤਮਕ ਵਿਚਾਰ-ਵਟਾਂਦਰਾ ਹੋਇਆ। ਮਹਿਮਾਨਾਂ ਨੇ ਸੰਸਥਾਨ ਵੱਲੋਂ ਮਨੁੱਖਤਾ, ਸੇਵਾ ਤੇ ਰਾਸ਼ਟਰ ਨਿਰਮਾਣ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਇਸ ਨੂੰ ਸਮਾਜ ਲਈ ਪ੍ਰੇਰਨਾਸਰੋਤ ਕਰਾਰ ਦਿੱਤਾ।