ਪਰਿਵਾਰ 'ਤੇ ਤੇਜ਼ਧਾਰ ਹਥਿਆਰ

ਪਰਿਵਾਰ 'ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਨੂਰਪੁਰ ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਧਨ ਮੁਹੱਲਾ ਦੇ ਰਹਿਣ ਵਾਲੇ ਸੰਦੀਪ ਨੇ ਆਪਣੇ ਸਹੁਰੇ ਘਰ ਦਾਖਲ ਹੋ ਕੇ ਪਹਿਲਾਂ ਆਪਣੇ ’ਤੇ ਤੇਲ ਛਿੜਕਿਆ, ਫਿਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਖੁਦ ਨੂੰ ਅੱਗ ਲਗਾ ਲਈ। ਇਸ ਘਟਨਾ ਵਿਚ ਇੱਕ ਰਿਸ਼ਤੇਦਾਰ ਵੀ ਗੰਭੀਰ ਜ਼ਖਮੀ ਹੋਇਆ ਹੈ। ਸੰਦੀਪ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸਦਾ ਸਰੀਰ ਲਗਭਗ 70 ਫ਼ੀਸਦਾ ਹਿੱਸਾ ਸੜ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਦਾ ਆਪਣੀ ਪਤਨੀ ਸੁਖਮਨੀ ਨਾਲ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਅਕਸਰ ਝਗੜਿਆਂ ਤੋਂ ਤੰਗ ਆ ਕੇ ਸੁਖਮਨੀ ਚਾਰ ਦਿਨ ਪਹਿਲਾਂ ਆਪਣੇ ਪੇਕੇ ਘਰ ਨੂਰਪੁਰ ਵਾਪਸ ਆ ਗਈ ਸੀ। ਉਸਨੇ ਆਪਣੇ ਪਤੀ ਵਿਰੁੱਧ ਸ਼ਿਕਾਇਤ ਵੀ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਸੁਖਮਨੀ ਨੇ ਦੋਸ਼ ਲਗਾਇਆ ਹੈ ਕਿ ਸੰਦੀਪ ਉਸਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੱਸਿਆ ਜਾ ਰਿਹਾ ਹੈ ਕਿ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਸੰਦੀਪ ਆਪਣੀ ਬੇਇੱਜ਼ਤੀ ਮਹਿਸੂਸ ਕਰ ਰਿਹਾ ਸੀ। ਇਸ ਨਾਰਾਜ਼ਗੀ ਕਾਰਨ ਉਹ ਆਪਣੇ ਸਹੁਰੇ ਘਰ ਗਿਆ, ਜਿਥੇ ਉਸਨੇ ਘਰ ਦੇ ਬਾਹਰ ਖੁਦ 'ਤੇ ਤੇਲ ਛਿੜਕਿਆ ਅਤੇ ਫਿਰ ਤੇਜ਼ਧਾਰ ਹਥਿਆਰ ਨਾਲ ਅੰਦਰ ਦਾਖਲ ਹੋਇਆ। ਉਸਨੇ ਘਰ ਵਿੱਚ ਮੌਜੂਦ ਇੱਕ ਰਿਸ਼ਤੇਦਾਰ ਧਰਮਪਾਲ ਦੇ ਸਿਰ 'ਤੇ ਹਮਲਾ ਕੀਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ।
ਜਦੋਂ ਪਰਿਵਾਰ ਦੇ ਹੋਰ ਮੈਂਬਰਾਂ ਨੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਸੰਦੀਪ ਨੇ ਆਪਣੇ-ਆਪ ਨੂੰ ਅੱਗ ਲਗਾ ਲਈ। ਅੱਗ ਲੱਗਣ ਤੋਂ ਬਾਅਦ ਉਹ ਆਪਣੀ ਪਤਨੀ ਸੁਖਮਨੀ ਵੱਲ ਵਧਿਆ। ਖ਼ਤਰਾ ਮਹਿਸੂਸ ਕਰਦਿਆਂ ਸੁਖਮਨੀ ਨੇ ਉਸਨੂੰ ਧੱਕਾ ਦੇ ਦਿੱਤਾ ਅਤੇ ਤੁਰੰਤ ਬਾਥਰੂਮ ਵਿੱਚ ਭੱਜ ਗਈ ਤੇ ਅੰਦਰੋਂ ਕੁੰਡੀ ਲਾ ਲਈ। ਇਸੇ ਦੌਰਾਨ ਸੰਦੀਪ ਦੀ ਧੀ ਦਿਲਪ੍ਰੀਤ ਨੇ ਵੀ ਆਪਣੇ ਪਿਤਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਹੱਥ ਸੜ ਗਏ। ਇਸ ਦੌਰਾਨ ਅੱਗ ਬੁਝਾਉਣ ਲਈ ਅੱਗੇ ਵਧੇ ਸੁਖਮਨੀ ਦੇ ਚਾਚੇ ਸਰਬਜੀਤ ਸਿੰਘ ਨੇ ਸੰਦੀਪ ਨੇ ਪਿੱਛੇ ਤੋਂ ਫੜ ਲਿਆ ਤੇ ਉਹ ਵੀ ਅੱਗ ਨਾਲ ਬੁਰੀ ਤਰ੍ਹਾਂ ਸੜ ਗਿਆ।
ਹੰਗਾਮੇ ਦ ਆਂਢ-ਗੁਆਂਢ ਦੇ ਲੋਕ ਮੌਕੇ 'ਤੇ ਪਹੁੰਚੇ ਅਤੇ ਅੱਗ 'ਤੇ ਕਾਬੂ ਪਾਇਆ। ਪਿੰਡ ਵਾਸੀਆਂ ਨੇ ਤੁਰੰਤ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਸੰਦੀਪ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਜ਼ਖਮੀ ਦੀ ਹਾਲਤ ਨਾਜ਼ੁਕ ਦੱਸੀ। ਥਾਣਾ ਮਕਸੂਦਾਂ ਥਾਣੇ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀਆਂ ਦੇ ਬਿਆਨ ਦਰਜ ਕੀਤੇ ਜਾਣਗੇ, ਅਤੇ ਸੰਦੀਪ ਦੀ ਹਾਲਤ ਵਿੱਚ ਸੁਧਾਰ ਹੋਣ 'ਤੇ ਉਸ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।