ਅਣਪਛਾਤੇ ਵਾਹਨ ਦੀ ਟੱਕਰ ਨਾਲ ਇਕ ਗੰਭੀਰ ਜ਼ਖਮੀ, ਹਸਪਤਾਲ ’ਚ ਦਾਖ਼ਲ
ਅਣਪਛਾਤੇ ਵਾਹਨ ਦੀ ਟੱਕਰ ਨਾਲ ਵਿਅਕਤੀ ਗੰਭੀਰ ਜ਼ਖਮੀ, ਹਸਪਤਾਲ ’ਚ ਦਾਖਲ
Publish Date: Sun, 18 Jan 2026 07:40 PM (IST)
Updated Date: Mon, 19 Jan 2026 04:18 AM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਸੰਘਣੀ ਧੁੰਦ ਕਾਰਨ ਦਿੱਸਣ ਹੱਦ ਘੱਟ ਹੋਣ ਕਾਰਨ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਪਤਿਆਲਾ ਗੁਰਦੁਆਰਾ ਮੋੜ ਨੇੜੇ ਇਕ ਸੜਕ ਹਾਦਸਾ ਵਾਪਰ ਗਿਆ। ਅਣਪਛਾਤੇ ਵਾਹਨ ਚਾਲਕ ਨੇ ਸੜਕ ਪਾਰ ਕਰ ਰਹੇ ਇਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਤੜਕਸਾਰ ਕਰੀਬ 5:40 ਵਜੇ ਕੰਟਰੋਲ ਰੂਮ ਤੋਂ ਹਾਦਸੇ ਦੀ ਸੂਚਨਾ ਮਿਲੀ।
ਸੂਚਨਾ ਮਿਲਦੇ ਹੀ ਐੱਸਐੱਸਐੱਫ ਦੀ ਟੀਮ ਮੌਕੇ ’ਤੇ ਪਹੁੰਚੀ ਤਾਂ ਪਤਾ ਲੱਗਿਆ ਕਿ ਬਲਵੰਤ ਸਿੰਘ ਪੁੱਤਰ ਹਜ਼ਾਰਾ ਸਿੰਘ, ਵਾਸੀ ਪਿੰਡ ਮੀਰਵਾਂ, ਜ਼ਿਲ੍ਹਾ ਗੁਰਦਾਸਪੁਰ, ਸੜਕ ਪਾਰ ਕਰ ਰਿਹਾ ਸੀ, ਜਿਸ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਬਲਵੰਤ ਸਿੰਘ ਦੀ ਲੱਤ ਟੁੱਟ ਗਈ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਐੱਸਐੱਸਐੱਫ ਟੀਮ ਵੱਲੋਂ ਉਸ ਨੂੰ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਨੇੜਲੇ ਨਿੱਜੀ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਸੜਕ ਸੁਰੱਖਿਆ ਫੋਰਸ ਵੱਲੋਂ ਮਾਮਲੇ ਦੀ ਜਾਣਕਾਰੀ ਸਬੰਧਤ ਪੁਲਿਸ ਥਾਣਾ ਭੋਗਪੁਰ ਨੂੰ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਅਣਪਛਾਤੇ ਵਾਹਨ ਦੀ ਭਾਲ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।