ਸਾਈਬਰ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਕੀਤੀ ਖੁਦਕੁਸ਼ੀ
ਸਾਈਬਰ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਕੀਤੀ ਖੁਦਕੁਸ਼ੀ
Publish Date: Tue, 03 Feb 2026 09:26 PM (IST)
Updated Date: Wed, 04 Feb 2026 04:14 AM (IST)

- ਖੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਵੀਡੀਓ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸਾਈਬਰ ਕ੍ਰਾਈਮ ਦਾ ਸ਼ਿਕਾਰ ਬਣੇ ਬਸਤੀਆਂ ਦੇ ਖੇਤਰ ’ਚ ਡਰਾਈਕਲੀਨ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਨੇ ਦਿਮਾਗੀ ਪ੍ਰੇਸ਼ਾਨੀ ਦੇ ਚਲਦੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਪ੍ਰਿੰਸ ਕੁਮਾਰ ਵਾਸੀ ਕਮਲ ਵਿਹਾਰ, ਲੈਦਰ ਕੰਪਲੈਕਸ ਰੋਡ, ਜਲੰਧਰ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਵੀਡੀਓ ਬਣਾਈ ਗਈ, ਜਿਸ ’ਚ ਉਸ ਨੇ ਆਪਣੇ ਨਾਲ ਹੋਈ ਠਗੀ ਸੰਬੰਧੀ ਖੁਲਾਸਾ ਕੀਤਾ ਹੈ। ਪ੍ਰਿੰਸ ਨੇ ਵੀਡੀਓ ’ਚ ਕਿਹਾ ਹੈ ਕਿ ਉਸ ਨੇ ਕਰਜ਼ਾ ਲੈਣਾ ਸੀ, ਜਿਸ ਕਰ ਕੇ ਉਸ ਨੇ ਇਕ ਨਿੱਜੀ ਫਾਇਨਾਂਸ ਕੰਪਨੀ ਨਾਲ ਸੰਪਰਕ ਕੀਤਾ। ਕੰਪਨੀ ਵੱਲੋਂ ਉਸ ਨਾਲ ਸੰਪਰਕ ਕਰਨ ਵਾਲਿਆਂ ਨੇ ਕੁਝ ਦਸਤਾਵੇਜ਼ ਭੇਜ ਕੇ ਉਸ ਦਾ ਭਰੋਸਾ ਜਿੱਤ ਲਿਆ, ਜਿਸ ਤੋਂ ਬਾਅਦ ਉਹ ਵਿਅਕਤੀ ਉਸ ਕੋਲੋਂ ਵੱਖ-ਵੱਖ ਕਾਰਵਾਈਆਂ ਦੇ ਨਾਮ ’ਤੇ ਪੈਸਿਆਂ ਦੀ ਮੰਗ ਕਰਦੇ ਰਹੇ, ਜੋ ੳਹ ਪੂਰੀ ਕਰਦਾ ਰਿਹਾ, ਪਰ ਕੁਝ ਸਮਾਂ ਬੀਤਣ ਦੇ ਬਾਵਜੂਦ ਕਰਜ਼ਾ ਮਨਜ਼ੂਰ ਨਾ ਹੋਇਆ। ਉਸ ਵੱਲੋਂ ਜਦ ਵਿਅਕਤੀਆਂ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਫੋਨ ਬੰਦ ਆ ਰਹੇ ਸਨ। ਉਸ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਉਸ ਦੇ ਪੈਸੇ ਵਾਪਸ ਕਰਵਾਏ ਜਾਣ। ਮ੍ਰਿਤਕ ਦੇ ਛੋਟੇ ਭਰਾ ਰਮਨ ਕਨੋਜੀਆ ਨੇ ਜਾਣਕਾਰੀ ਦਿਤੀ ਕਿ ਮੰਗਲਵਾਰ ਸਵੇਰੇ ਕਰੀਬ 6.30 ਵਜੇ ਉਨ੍ਹਾਂ ਦੇ ਪਰਿਵਾਕ ਮੈਂਬਰਾਂ ਨੇ ਘਰ ਦੀ ਉਪਰਲੀ ਮੰਜ਼ਿਲ ’ਤੇ ਦੇਖਿਆ ਤਾਂ ਕਮਰੇ ਅੰਦਰ ਪ੍ਰਿੰਸ ਨੇ ਫਾਹਾ ਲਗਾਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਪ੍ਰਿੰਸ ਵੱਲੋਂ ਇਕ ਵੀਡੀਓ ਬਣਾਈ ਗਈ ਹੈ ਤੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਨੋਟ ਵੀ ਲਿਖਿਆ ਹੈ , ਜਿਸ ’ਚ ਉਸ ਨੇ ਕਿਹਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਇਹ ਕਦਮ ਚੁਕਿਆ ਹੈ, ਇਸ ਲਈ ਉਸ ਦੇ ਪਰਿਵਾਕ ਮੈਂਬਰਾਂ ਨੂੰ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ। ਰਮਨ ਕਨੋਜੀਆ ਨੇ ਕਿਹਾ ਕਿ ਪ੍ਰਿੰਸ ਨੇ ਦਿਮਾਗੀ ਪ੍ਰੇਸ਼ਾਨੀ ਦੇ ਚਲਦੇ ਇਹ ਕਦਮ ਚੁਕਿਆ ਹੈ। ------------------- ਅਣਪਛਾਤਿਆਂ ਖ਼ਿਲਾਫ਼ ਐੱਫ਼ਆਈਆਰ ਦਰਜ ਮਾਮਲੇ ਦੀ ਜਾਂਚ ਕਰ ਰਹੇ ਲੈਦਰ ਕੰਪਲੈਕਸ ਚੋਕੀ ਦੇ ਏਐੱਸਆਈ ਯੁਵਰਾਜ ਸਿੰਘ ਨੇ ਜਾਣਕਾਰੀ ਦਿਤੀ ਕਿ ਮ੍ਰਿਤਕ ਦੇਹ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੱਖਵਾ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਭਰਾ ਰਮਨ ਕਨੋਜੀਆ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫ਼ਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ।