ਚੋਰੀ ਦਾ ਮੋਟਰਸਾਈਕਲ ਵੇਚਣ ਦੀ ਤਾਕ ’ਚ ਘੁੰਮਦਾ ਕਾਬੂ
ਚੋਰੀ ਦਾ ਮੋਟਰਸਾਈਕਲ ਵੇਚਣ ਦੀ ਤਾਕ ’ਚ ਘੁੰਮ ਰਿਹਾ ਕਾਬੂ
Publish Date: Tue, 06 Jan 2026 06:33 PM (IST)
Updated Date: Tue, 06 Jan 2026 06:35 PM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਅੱਠ ਦੀ ਪੁਲਿਸ ਨੇ ਮੁਖਬਰ ਦੀ ਸੂਚਨਾ ’ਤੇ ਉਸ ਵੇਲੇ ਇਕ ਨੌਜਵਾਨ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਦਬੋਚ ਲਿਆ ਜਦ ਉਹ ਇਸ ਨੂੰ ਵੇਚਣ ਦੀ ਤਾਕ ’ਚ ਗਾਹਕ ਦੀ ਭਾਲ ’ਚ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਸਾਹਿਲ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਤੋਂ ਇਤਲਾਹ ਮਿਲੀ ਸੀ ਕਿ ਇਕ ਨੌਜਵਾਨ ਜਿਸ ਕੋਲ ਚੋਰੀ ਦਾ ਸਪਲੈਂਡਰ ਮੋਟਰਸਾਈਕਲ ਹੈ ਇਸ ਵੇਲੇ ਬੁਲੰਦਪੁਰ ਰੋਡ ਵੱਲ ਇਸ ਨੂੰ ਵੇਚਣ ਲਈ ਗਾਹਕ ਦੀ ਭਾਲ ’ਚ ਘੁੰਮ ਰਿਹਾ ਹੈ। ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਹੈੱਡ ਕਾਂਸਟੇਬਲ ਰਾਕੇਸ਼ ਕੁਮਾਰ ਦੀ ਇਕ ਟੀਮ ਬਣਾ ਕੇ ਉਸ ਨੂੰ ਬੁਲੰਦਪੁਰ ਵੱਲ ਭੇਜਿਆ ਗਿਆ। ਜਦੋਂ ਪੁਲਿਸ ਪਾਰਟੀ ਇਲਾਕੇ ’ਚ ਪਹੁੰਚੀ ਤਾਂ ਬਿਨਾਂ ਨੰਬਰ ਦੇ ਸਪਲੈਂਡਰ ਮੋਟਰਸਾਈਕਲ ’ਤੇ ਆ ਰਹੇ ਇਕ ਨੌਜਵਾਨ ਨੂੰ ਰੋਕ ਕੇ ਉਸ ਕੋਲੋਂ ਮੋਟਰਸਾਈਕਲ ਦੇ ਦਸਤਾਵੇਜ਼ ਮੰਗੇ ਗਏ ਤਾਂ ਉਹ ਘਬਰਾ ਗਿਆ ਤੇ ਟਾਲ ਮਟੋਲ ਕਰਨ ਲੱਗਾ। ਜਦ ਸਖਤੀ ਨਾਲ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਮੰਨਿਆ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ। ਇਸ ’ਤੇ ਉਸ ਨੌਜਵਾਨ ਜਿਸ ਦੀ ਪਛਾਣ ਤੁਸ਼ਾਰ ਕੁਮਾਰ ਵਾਸੀ ਪਿੰਡ ਰੇੜੂ ਜਲੰਧਰ ਦੇ ਰੂਪ ’ਚ ਹੋਈ ਹੈ, ਨੂੰ ਗ੍ਰਿਫਤਾਰ ਕਰ ਲਿਆ ਗਿਆ। ਇੰਸਪੈਕਟਰ ਸਾਹਿਲ ਚੌਧਰੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਨੂੰ ਅਦਾਲਤ ’ਚੋਂ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਰਿਮਾਂਡ ਦੌਰਾਨ ਚੋਰੀ ਦੇ ਹੋਰ ਵੀ ਵਾਹਨ ਬਰਾਮਦ ਹੋਣ ਦੀ ਉਮੀਦ ਹੈ। ਫਿਲਹਾਲ ਪੁਲਿਸ ਮੁਲਜ਼ਮ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।