ਐੱਨਆਰਆਈ ਦੀ ਕੋਠੀ ’ਚ ਲਗਾਤਾਰ ਤੀਜੀ ਵਾਰ ਚੋਰੀ ਕਰਦਾ ਇਕ ਜਣਾ ਕਾਬੂ
ਐੱਨਆਰਆਈ ਦੀ ਕੋਠੀ ’ਚ ਲਗਾਤਾਰ ਤੀਜੀ ਵਾਰ ਚੋਰੀ ਕਰਦਾ ਇਕ ਕਾਬੂ
Publish Date: Mon, 16 Feb 2026 06:26 PM (IST)
Updated Date: Mon, 16 Feb 2026 06:30 PM (IST)

--ਮਾਸਟਰ ਮਾਇੰਡ ਫਰਾਰ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸੌ ਦਿਨ ਚੋਰ ਦਾ ਤੇ ਇਕ ਦਿਨ ਸਾਧ ਦਾ ਵਾਲੀ ਕਹਾਵਤ ਉਸ ਵਲੇ ਸੱਚ ਸਾਬਤ ਹੋਈ ਜਦ ਥਾਣਾ ਨੰਬਰ ਛੇ ਦੀ ਹੱਦ ’ਚ ਪੈਂਦੇ ਗੁਰੂ ਨਗਰ ’ਚ ਸਥਿਤ ਇਕ ਐੱਨਆਰਆਈ ਦੀ ਕੋਠੀ ’ਚ ਦੋ ਵਾਰ ਚੋਰੀ ਕਰਨ ਤੋਂ ਬਾਅਦ ਤੀਜੀ ਵਾਰ ਚੋਰੀ ਕਰਨ ਆਏ ਦੋ ਚੋਰਾਂ ’ਚੋਂ ਇਕ ਨੂੰ ਲੋਕਾਂ ਨੇ ਮੁਸਤੈਦੀ ਨਾਲ ਕਾਬੂ ਕਰ ਲਿਆ, ਜਦਕਿ ਇਸ ਮਾਮਲੇ ਦਾ ਮਾਸਟਰ ਮਾਇੰਡ ਇਕ ਚੋਰ ਮੌਕੇ ਤੋਂ ਫਰਾਰ ਹੋ ਗਿਆ ਜਿਸ ਨੂੰ ਨਾਮਜ਼ਦ ਕਰ ਕੇ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਲਭੂਰਾਮ ਦੁਆਬਾ ਸਕੂਲ ਦੇ ਰਿਟਾਇਰਡ ਪ੍ਰਿੰਸੀਪਲ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਸੋਹਰੇ ਸ਼ੰਭੂ ਦੱਤ ਬਿਰਲਾ ਵਾਸੀ ਅਮਰੀਕਾ ਦੀ ਗੁਰੂ ਨਗਰ ’ਚ ਇਕ ਕੋਠੀ ਹੈ ਜਿਸ ਦੀ ਉਹ ਦੇਖਭਾਲ ਕਰਦੇ ਹਨ ਤੇ ਹਫਤੇ ’ਚ ਦੋ ਵਾਰ ਉਹ ਕੋਠੀ ਦਾ ਚੱਕਰ ਲਗਾ ਕੇ ਚੈੱਕ ਕਰਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਅਕਤੂਬਰ ਮਹੀਨੇ ’ਚ ਉਕਤ ਗਲੀ ’ਚ ਕਿਸੇ ਦਾ ਫੰਕਸ਼ਨ ਸੀ ਉਸ ਫੰਕਸ਼ਨ ’ਚ ਕੰਮ ਕਰਨ ਵਾਲੇ ਇਕ ਨੌਜਵਾਨ ਨੇ ਕੋਠੀ ’ਚ ਲੱਗੀ ਪਾਣੀ ਦੀ ਮੋਟਰ ਚੋਰੀ ਕਰ ਲਈ। ਅਗਲੇ ਦਿਨ ਸਵੇਰੇ ਜਦ ਗੁਆਂਢੀਆਂ ਨੇ ਦੇਖਿਆ ਤਾਂ ਕੋਠੀ ਦੇ ਬਾਹਰ ਪਾਣੀ ਇਕੱਠਾ ਹੋਇਆ ਪਿਆ ਸੀ ਤਾਂ ਇਸ ਦੀ ਸੂਚਨਾ ਗੁਆਂਢੀਆਂ ਨੇ ਉਨ੍ਹਾਂ ਨੂੰ ਦਿੱਤੀ ਤਾਂ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕੀ ਮੋਟਰ ਚੋਰੀ ਹੋ ਚੁੱਕੀ ਸੀ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਕਰਨੀ ਵਾਜਿਬ ਨਹੀਂ ਸਮਝੀ ਤੇ ਨਵੀਂ ਮੋਟਰ ਲਗਵਾ ਦਿੱਤੀ। ਇਸ ਤੋਂ ਬਾਅਦ ਪੰਜ ਫਰਵਰੀ ਨੂੰ ਦੁਬਾਰਾ ਕੋਠੀ ਦੇ ਤਾਲੇ ਤੋੜ ਕੇ ਅੰਦਰ ਸੈਨਟਰੀ ਦਾ ਸਾਰਾ ਸਾਮਾਨ ਚੋਰੀ ਕਰ ਲਿਆ ਗਿਆ ਤੇ ਪਾਣੀ ਦੀਆਂ ਪਾਈਪਾਂ ਤੱਕ ਵੀ ਤੋੜ ਦਿੱਤੀਆਂ ਗਈਆਂ। ਜਦ ਟੁੱਟੀਆਂ ਪਾਈਪਾਂ ’ਚੋਂ ਪਾਣੀ ਕੋਠੀ ਦੇ ਬਾਹਰ ਇਕੱਠਾ ਹੋਇਆ ਤਾਂ ਗੁਆਂਢੀਆਂ ਨੇ ਇਸਦੀ ਸੂਚਨਾ ਦਿੱਤੀ ਤਾਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਅੰਦਰ ਸਾਰੀਆਂ ਟੂਟੀਆਂ ਤੇ ਹੋਰ ਸੈਨਟਰੀ ਦਾ ਸਾਮਾਨ ਗਾਇਬ ਸੀ। ਉਨ੍ਹਾਂ ਨੇ ਹਜ਼ਾਰਾਂ ਰੁਪਏ ਖਰਚ ਕਰ ਕੇ ਸਾਰਾ ਸਾਮਾਨ ਦੁਬਾਰਾ ਲਗਵਾਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਗੁਆਂਢੀਆਂ ਨੂੰ ਬੇਨਤੀ ਕੀਤੀ ਕੀ ਵਾਰ-ਵਾਰ ਚੋਰੀ ਦੀ ਹੋ ਰਹੀ ਵਾਰਦਾਤ ਇੱਕੋ ਹੀ ਆਦਮੀ ਵੱਲੋਂ ਕੀਤੀ ਗਈ ਲੱਗਦੀ ਹੈ। ਇਸ ਲਈ ਇਸਦਾ ਧਿਆਨ ਰੱਖਿਆ ਜਾਵੇ। ਜਿਸ ਤੋਂ ਬਾਅਦ ਗੁਆਂਢੀ ਵੀ ਮੁਸਤੈਦ ਹੋ ਗਏ ਤੇ ਸੀਸੀਟੀਵੀ ਕੈਮਰਿਆਂ ਦਾ ਹੀ ਕੋਠੀ ਵੱਲ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ 14 ਫਰਵਰੀ ਦੀ ਰਾਤ 12 ਵਜੇ ਦੇ ਕਰੀਬ ਦੋ ਨੌਜਵਾਨ ਕੋਠੀ ਅੰਦਰ ਦਾਖਲ ਹੋਏ ਜਿਨ੍ਹਾਂ ਨੂੰ ਗੁਆਂਢੀਆਂ ਨੇ ਸੀਸੀਟੀਵੀ ਕੈਮਰੇ ’ਚ ਅੰਦਰ ਜਾਂਦੇ ਹੋਏ ਦੇਖ ਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਚੁੱਪ ਚੁਪੀਤੇ ਮਹੱਲੇ ਦੇ ਲੋਕਾਂ ਨੂੰ ਇਕੱਠੇ ਕਰ ਲਿਆ ਤੇ ਕੋਠੀ ਦੇ ਬਾਹਰ ਖੜ੍ਹੇ ਹੋ ਗਏ ਇਸ ਦੀ ਭਿਨਕ ਅੰਦਰ ਗਏ ਚੋਰਾਂ ਨੂੰ ਵੀ ਲੱਗ ਗਈ ਜਿਨ੍ਹਾਂ ’ਚੋਂ ਇਸ ਮਾਮਲੇ ਦਾ ਮਾਸਟਰ ਮਾਇੰਡ ਜੋ ਕਿ ਤੀਸਰੀ ਵਾਰ ਅੰਦਰ ਆਇਆ ਸੀ ਪਿਛਲੀ ਸਾਈਡ ਤੋਂ ਭੱਜ ਗਿਆ ਜਦ ਕਿ ਇਕ ਅੰਦਰ ਹੀ ਰਹਿ ਗਿਆ। ਜਿਸ ਤੋਂ ਬਾਅਦ ਗੁਆਂਢੀਆਂ ਨੇ ਉਨ੍ਹਾਂ ਨੂੰ ਫੋਨ ’ਤੇ ਸੂਚਨਾ ਦਿੱਤੀ ਤਾਂ ਪੁਲਿਸ ਪਾਰਟੀ ਸਮੇਤ ਉਹ ਮੌਕੇ ’ਤੇ ਪਹੁੰਚੇ ਤੇ ਜਦ ਤਾਲੇ ਖੋਲ੍ਹ ਕੇ ਅੰਦਰ ਗਏ ਤਾਂ ਅਲਮਾਰੀ ਦੇ ਪਿੱਛੇ ਲੁਕੇ ਇਕ ਚੋਰ ਨੂੰ ਕਾਬੂ ਕਰ ਲਿਆ ਜਿਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਜਿਸਦੀ ਪਛਾਣ ਰੋਹਿਤ ਵਾਸੀ ਯੂਪੀ ਹਾਲ ਵਾਸੀ ਸਬਜ਼ੀ ਮੰਡੀ ਮਕਸੂਦਾਂ ਦੇ ਰੂਪ ’ਚ ਹੋਈ ਹੈ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦ ਕਿ ਉਸ ਕੋਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਉਸਦੇ ਸਾਥੀ ਅਨੁਰੋਧ ਵਾਸੀ ਯੂਪੀ ਹਾਲ ਵਾਸੀ ਜਸਵੰਤ ਨਗਰ ਫੇਸ ਦੋ ਖਿਲਾਫ ਵੀ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਪੁਲਿਸ ਫੜੇ ਗਏ ਮੁਲਜ਼ਮ ਰੋਹਿਤ ਨੂੰ ਅਦਾਲਤ ’ਚੋਂ ਪੁਲਿਸ ਰਿਮਾਂਡ ’ਤੇ ਲੈ ਕੇ ਉਸ ਕੋਲੋਂ ਪੁੱਛਗਿਛ ਕਰ ਕੇ ਪਿਛਲੀਆਂ ਚੋਰਿਆਂ ਬਾਰੇ ਵੀ ਖੁਲਾਸਾ ਕਰੇਗੀ। ਪੁਲਿਸ ਅਨੁਰੋਧ ਦੀ ਤਲਾਸ਼ ’ਚ ਲਗਾਤਾਰ ਛਾਪਾਮਾਰੀ ਕਰ ਰਹੀ ਹੈ।