ਜ਼ਮਾਨਤ ’ਤੇ ਆ ਕੇ ਲੁੱਟ-ਖੋਹ ਕਰਦਾ ਕਾਬੂ
ਜੇਲ ’ਚੋਂ ਜਮਾਨਤ ’ਤੇ ਆ ਕੇ ਲੁੱਟ ਖੋਹ ਦੀ ਵਾਰਦਤ ਕਰਦਾ ਕਾਬੂ
Publish Date: Sat, 21 Mar 2026 07:26 PM (IST)
Updated Date: Sat, 21 Mar 2026 07:28 PM (IST)

-ਲੋਕਾਂ ਨੇ 15 ਮਿੰਟ ਪਿੱਛਾ ਕਰਕੇ ਲੁਟੇਰੇ ਨੂੰ ਕੀਤਾ ਕਾਬੂ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਚਾਰ ਦੀ ਹੱਦ ’ਚ ਪੈਂਦੇ ਸ਼ਕਤੀ ਨਗਰ ਦੇ ਪਾਰਕ ’ਚ ਮੋਬਾਈਲ ’ਤੇ ਗੇਮ ਖੇਡ ਰਹੇ ਇਕ ਬਜ਼ੁਰਗ ਵਿਅਕਤੀ ਦੇ ਹੱਥੋਂ ਮੋਬਾਇਲ ਝਪਟ ਕੇ ਭੱਜੇ ਲੁਟੇਰੇ ਨੂੰ ਲੋਕਾਂ ਨੇ ਤਕਰੀਬਨ 15 ਮਿੰਟ ਤੱਕ ਪਿੱਛਾ ਕਰਕੇ ਕਾਬੂ ਕਰ ਲਿਆ। ਲੋਕਾਂ ਵੱਲੋਂ ਉਸ ਦੀ ਚੰਗੀ ਤਰ੍ਹਾਂ ਭੁਗਤ ਸੰਵਾਰਨ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਸ਼ਕਤੀ ਨਗਰ ਦੇ ਪਾਰਕ ’ਚ ਇਕ ਬਜ਼ੁਰਗ ਮੋਬਾਈਲ ’ਤੇ ਗੇਮ ਖੇਡ ਰਿਹਾ ਸੀ। ਇਸ ਦੌਰਾਨ ਇਕ ਨਸ਼ੇੜੀ ਨੌਜਵਾਨ ਉਸ ਕੋਲ ਆਇਆ ਤੇ ਫੋਨ ਖੋਹ ਲਿਆ ਤੇ ਮੌਕੇ ਤੋਂ ਭੱਜ ਪਿਆ। ਪਿੱਛਾ ਕਰਨ ਦੀ ਕੋਸ਼ਿਸ਼ ’ਚ ਬਜ਼ੁਰਗ ਦੋ-ਤਿੰਨ ਵਾਰ ਡਿੱਗ ਪਿਆ। ਉਸ ਦੇ ਰੌਲਾ ਪਾਉਣ ’ਤੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ ਇਨ੍ਹਾਂ ’ਚ ਮੌਕੇ ਤੇ ਮੌਜੂਦ ਕੁਝ ਦੁਕਾਨਦਾਰ ਵੀ ਸਨ। ਲੋਕਾਂ ਨੇ ਉਕਤ ਲੁਟੇਰੇ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਉਹ ਲੁਟੇਰਾ ਸ਼ਕਤੀ ਨਗਰ ਦੀਆਂ ਗਲੀਆਂ ’ਚੋਂ ਭੱਜਦਾ ਕਾਫੀ ਦੂਰ ਨਿਕਲ ਗਿਆ ਪਰ ਲੋਕਾਂ ਨੇ ਉਸ ਦਾ ਪਿੱਛਾ ਕਰਨਾ ਨਹੀਂ ਛੱਡਿਆ। ਅਖੀਰ ’ਚ ਕਾਫੀ ਜੱਦੋ-ਜਹਿਦ ਤੋਂ ਬਾਅਦ ਕਾਬੂ ਕਰਕੇ ਮੋਬਾਈਲ ਬਰਾਮਦ ਕਰ ਲਿਆ ਗਿਆ। ਇਸ ਦੀ ਸੂਚਨਾ ਥਾਣਾ ਨੰਬਰ ਚਾਰ ਦੀ ਪੁਲਿਸ ਨੂੰ ਦਿੱਤੀ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਖਿਲਾਫ ਪਹਿਲਾਂ ਵੀ ਤਿੰਨ ਚਾਰ ਪਰਚੇ ਲੁੱਟਾਂ ਖੋਹਾਂ ਦੇ ਦਰਜ ਹਨ। ਉਕਤ ਨੌਜਵਾਨ ਅਕਤੂਬਰ ਮਹੀਨੇ ’ਚ ਹੀ ਜੇਲ੍ਹ ’ਚੋਂ ਜ਼ਮਾਨਤ ਤੇ ਬਾਹਰ ਆਇਆ ਸੀ। ਫੜੇ ਗਏ ਲੁਟੇਰੇ ਨੇ ਦੱਸਿਆ ਕਿ ਉਹ ਚਿੱਟਾ ਪੀਣ ਦਾ ਆਦੀ ਹੈ ਨਸ਼ੇ ਦੀ ਪੂਰਤੀ ਵਾਸਤੇ ਉਹ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਨੂੰ ਅੰਜਾਮ ਦਿੰਦਾ ਹੈ। ਫਿਲਹਾਲ ਪੁਲਿਸ ਉਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।