ਪੁਲਿਸ ਨਾਕਾ ਦੇਖ ਆਟੋ ਲੈ ਕੇ ਭੱਜਿਆ, ਕਾਬੂ
ਪੁਲਿਸ ਨਾਕਾ ਦੇਖ ਆਟੋ ਲੈ ਕੇ ਭੱਜਿਆ ਕਾਬੂ
Publish Date: Sat, 07 Feb 2026 06:39 PM (IST)
Updated Date: Sun, 08 Feb 2026 04:08 AM (IST)

- ਆਟੋ ’ਚ ਲੱਦਿਆ ਸੀ ਚੋਰੀਸ਼ੁਦਾ ਲੋਹੇ ਦਾ ਸਾਮਾਨ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਅੱਠ ਦੀ ਪੁਲਿਸ ਨੇ ਪਠਾਨਕੋਟ ਚੌਕ ’ਚ ਕੀਤੀ ਗਈ ਨਾਕਾਬੰਦੀ ਦੌਰਾਨ ਜਦ ਇਕ ਬਿਨਾਂ ਨੰਬਰੀ ਆਟੋ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਆਟੋ ਰੋਕਣ ਦੀ ਬਜਾਏ ਤੇਜ਼ ਰਫ਼ਤਾਰ ਨਾਲ ਗਲਤ ਦਿਸ਼ਾ ਵੱਲ ਭਜਾ ਕੇ ਲੈ ਗਿਆ। ਇਸ ਦੌਰਾਨ ਪੁਲਿਸ ਵੱਲੋਂ ਪਿੱਛਾ ਕੀਤੇ ਜਾਣ ’ਤੇ ਆਟੋ ਚਾਲਕ ਘਬਰਾ ਗਿਆ ਤੇ ਉਸ ਦਾ ਆਟੋ ਪਲਟ ਗਿਆ, ਜਿਸ ’ਚ ਲੋਹੇ ਦਾ ਸਾਮਾਨ ਲੱਦਿਆ ਹੋਇਆ ਸੀ। ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰ ਕੇ ਜਦ ਉਕਤ ਸਾਮਾਨ ਬਾਰੇ ਪੁੱਛਿਆ ਤਾਂ ਉਹ ਸਾਮਾਨ ਚੋਰੀ ਦਾ ਨਿਕਲਿਆ, ਜਿਸ ’ਤੇ ਆਟੋ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਸਾਹਿਲ ਚੌਧਰੀ ਨੇ ਦੱਸਿਆ ਕਿ ਏਐੱਸਆਈ ਨਿਰਮਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਠਾਨਕੋਟ ਚੌਕ ਪੁਲ਼ ਲਾਗੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਨੀਲੇ ਰੰਗ ਦਾ ਬਿਨਾਂ ਨੰਬਰੀ ਆਟੋ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਪੁਲਿਸ ਪਾਰਟੀ ਨੇ ਰੂਕਣ ਦਾ ਇਸ਼ਾਰਾ ਕੀਤਾ ਪਰ ਆਟੋ ਚਾਲਕ ਨੇ ਆਟੋ ਰੋਕਣ ਦੀ ਬਜਾਏ ਹੋਰ ਤੇਜ਼ ਕਰ ਲਿਆ ਤੇ ਗਲਤ ਦਿਸ਼ਾ ਵੱਲ ਭਜਾ ਲਿਆ। ਇਸ ਦੌਰਾਨ ਪੁਲਿਸ ਪਾਰਟੀ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਜਦ ਆਟੋ ਚਾਲਕ ਨੇ ਆਪਣੇ ਪਿੱਛੇ ਪੁਲਿਸ ਪਾਰਟੀ ਆਉਂਦੀ ਦੇਖੀ ਤਾਂ ਇਕਦਮ ਘਬਰਾ ਗਿਆ ਤੇ ਇਸੇ ਘਬਰਾਹਟ ’ਚ ਉਸ ਦਾ ਆਟੋ ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ। ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਉਸ ਵਿਅਕਤੀ ਨੂੰ ਕਾਬੂ ਕਰ ਕੇ ਜਦ ਉਸਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਅਸ਼ੋਕ ਕੁਮਾਰ ਉਰਫ ਸ਼ੋਕੀ ਵਾਸੀ ਕਾਂਸ਼ੀ ਨਗਰ ਕੋਟ ਸਦੀਕ ਦੱਸਿਆ। ਜਦ ਪੁਲਿਸ ਪਾਰਟੀ ਨੇ ਆਟੋ ਚੈੱਕ ਕੀਤਾ ਤਾਂ ਉਸ ’ਚ ਲੋਹੇ ਦੇ ਐਂਗਲ ਤੇ ਹੋਰ ਲੋਹੇ ਦਾ ਸਾਮਾਨ ਸੀ। ਜਿਸ ਬਾਰੇ ਜਦ ਅਸ਼ੋਕ ਕੁਮਾਰ ਨੂੰ ਪੁੱਛਿਆ ਗਿਆ ਤਾਂ ਪਹਿਲਾ ਤਾਂ ਉਹ ਕੋਈ ਸਹੀ ਜਵਾਬ ਨਹੀਂ ਦੇ ਸਕਿਆ ਪਰ ਜਦ ਸਖ਼ਤੀ ਨਾਲ ਪੁੱਛਿਆ ਗਿਆ ਤਾਂ ਉਸ ਨੇ ਮੰਨਿਆ ਕਿ ਇਹ ਸਾਮਾਨ ਚੋਰੀ ਦਾ ਹੈ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਕੋਲੋਂ ਪੁੱਛਗਿੱਛ ਲਈ ਅਦਾਲਤ ਤੋਂ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ।