ਐੱਨਆਰਆਈ ਔਰਤ ਦੇ ਘਰ ’ਚ ਚੋਰੀ, ਮੰਗਿਆ ਇਨਸਾਫ਼
ਜਲੰਧਰ ’ਚ ਐੱਨਆਰਆਈ ਔਰਤ ਦੇ ਘਰ ’ਚ ਵੱਡੀ ਚੋਰੀ
Publish Date: Tue, 06 Jan 2026 07:31 PM (IST)
Updated Date: Tue, 06 Jan 2026 07:32 PM (IST)

--ਦੇਖਭਾਲ ਕਰਨ ਵਾਲੇ ਤੇ ਧੋਖਾਧੜੀ ਦਾ ਦੋਸ਼, ਪਰਿਵਾਰ ਪੁਲਿਸ ਕਾਰਵਾਈ ਤੋਂ ਨਾਰਾਜ਼ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : 5 ਦਸੰਬਰ, 2025 ਨੂੰ ਜਲੰਧਰ ਦੇ ਲਾਲ ਨਗਰ ਇਲਾਕੇ ’ਚ ਇਕ ਐੱਨਆਰਆਈ ਔਰਤ ਦੇ ਘਰ ’ਚ ਹੋਈ ਚੋਰੀ ਦਾ ਮਾਮਲਾ ਭਖਦਾ ਜਾ ਰਿਹਾ ਹੈ। ਪੀੜਤਾ ਜਸਵਿੰਦਰ ਕੌਰ ਜੋ ਕਿ ਅਮਰੀਕਾ ’ਚ ਰਹਿੰਦੀ ਹੈ, ਦੇ ਪਰਿਵਾਰ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਪੁਲਿਸ ਦੀ ਕਾਰਵਾਈ ਤੇ ਸਵਾਲ ਖੜ੍ਹੇ ਕੀਤੇ ਹਨ। ਪੀੜਤਾ ਨੇ ਦੱਸਿਆ ਕਿ ਉਸਨੇ ਆਪਣੇ ਘਰ ਦੀ ਦੇਖਭਾਲ ਲਈ ਇਕ ਔਰਤ ਨੂੰ ਦੇਖਭਾਲ ਕਰਨ ਲਈ ਨਿਯੁਕਤ ਕੀਤਾ ਸੀ। ਦੋਸ਼ ਹੈ ਕਿ ਔਰਤ ਨੇ ਪਹਿਲਾਂ ਪਰਿਵਾਰ ਦਾ ਵਿਸ਼ਵਾਸ ਹਾਸਲ ਕੀਤਾ ਤੇ ਫਿਰ ਉਸ ਵਿਸ਼ਵਾਸਘਾਤ ਕਰਕੇ ਚੋਰੀ ਕੀਤੀ। ਪਰਿਵਾਰ ਅਨੁਸਾਰ ਚੋਰ ਘਰੋਂ ਲਗਭਗ 96 ਹਜ਼ਾਰ ਰੁਪਏ ਦੀ ਨਕਦੀ, ਕੀਮਤੀ ਸੋਨੇ ਤੇ ਚਾਂਦੀ ਦੇ ਗਹਿਣੇ ਲੈ ਕੇ ਭੱਜ ਗਏ। ਚੋਰੀ ਹੋਏ ਸਾਮਾਨ ’ਚ ਸੋਨੇ ਦੀਆਂ ਵਾਲੀਆਂ ਦਾ ਇਕ ਜੋੜਾ, ਵੱਖ-ਵੱਖ ਵਜ਼ਨ ਦੀਆਂ ਕਈ ਮੁੰਦਰੀਆਂ, ਇਕ ਬਰੇਸਲੇਟ, ਇਕ ਸੋਨੇ ਦੀ ਚੇਨ ਤੇ ਚੂੜੀਆਂ ਸ਼ਾਮਲ ਹਨ। ਜਸਵਿੰਦਰ ਕੌਰ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਘਰ ਦੇ ਤਾਲੇ ਟੁੱਟੇ ਹੋਏ ਸਨ ਤੇ ਅੰਦਰ ਸਾਰਾ ਸਾਮਾਨ ਖਿਲਰਿਆ ਹੋਇਆ ਮਿਲਿਆ ਸੀ। ਆਂਢ-ਗੁਆਂਢ ਤੋਂ ਪੁੱਛਗਿੱਛ ਕਰਨ ਤੇ ਕੋਈ ਠੋਸ ਸੁਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਮਾਮਲੇ ਦੀ ਤੁਰੰਤ ਪੁਲਿਸ ਨੂੰ ਰਿਪੋਰਟ ਕੀਤੀ ਗਈ। ਐੱਨਆਰਆਈ ਔਰਤ ਦਾ ਦੋਸ਼ ਹੈ ਕਿ ਸ਼ਿਕਾਇਤ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ। ਪਰਿਵਾਰ ਨੇ ਪ੍ਰਸ਼ਾਸਨ ਤੋਂ ਨਿਰਪੱਖ ਜਾਂਚ, ਚੋਰੀ ਹੋਏ ਸਾਮਾਨ ਦੀ ਜਲਦੀ ਬਰਾਮਦਗੀ ਤੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।