ਨਸ਼ਿਆਂ ਤੇ ਅਪਰਾਧ ਖ਼ਿਲਾਫ਼ ਸਾਂਝੇ ਯਤਨਾਂ ਦੀ ਲੋੜ : ਵਿਰਕ
ਨਕੋਦਰ ’ਚ ਨਸ਼ਿਆਂ ਖ਼ਿਲਾਫ਼ ਵੱਡਾ ਸੰਪਰਕ ਪ੍ਰੋਗਰਾਮ, ਸੇਫ ਪੰਜਾਬ ਪੋਰਟਲ ਦੀ ਵਰਤੋਂ ਲਈ ਅਪੀਲ
Publish Date: Tue, 17 Mar 2026 09:06 PM (IST)
Updated Date: Tue, 17 Mar 2026 09:10 PM (IST)

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਜਲੰਧਰ ਦਿਹਾਤੀ ਪੁਲਿਸ ਵੱਲੋਂ ਨਕੋਦਰ ਸਬ-ਡਵੀਜ਼ਨ ਦੇ ਇਕ ਪੈਲੇਸ, ਜਲੰਧਰ–ਨਕੋਦਰ ਰੋਡ ’ਤੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਵਿਸ਼ਾਲ ਸੰਪਰਕ ਪ੍ਰੋਗਰਾਮ ਕਰਵਾਇਆ। ਪ੍ਰੋਗਰਾਮ ਦੀ ਅਗਵਾਈ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਕੀਤੀ। ਇਸ ਮੌਕੇ ਡਾ. ਮੁਕੇਸ਼ ਕੁਮਾਰ, ਐੱਸਪੀ (ਸਥਾਨਕ), ਇੰਦਰਜੀਤ ਸਿੰਘ, ਡੀਐੱਸਪੀ (ਤਫਤੀਸ਼) ਤੇ ਸੁਖਪਾਲ ਸਿੰਘ ਡੀਐੱਸਪੀ (ਸਬ ਡਵੀਜ਼ਨ ਸ਼ਾਹਕੋਟ) ਵੀ ਮੌਜੂਦ ਸਨ। ਸਭਾ ’ਚ ਸਥਾਨਕ ਪ੍ਰਮੁੱਖ ਵਿਅਕਤੀ, ਸਰਪੰਚ, ਪਿੰਡ ਪ੍ਰਤੀਨਿਧੀ ਤੇ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਪੁੱਜੇ। ਲਗਭਗ 500 ਨਾਗਰਿਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਐੱਸਐੱਸਪੀ ਵਿਰਕ ਨੇ 2025 ਦੌਰਾਨ ਕੀਤੀਆਂ ਮੁਹੱਤਵਪੂਰਨ ਕਾਰਵਾਈਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਐੱਨਡੀਪੀਐੱਸ ਐਕਟ ਅਧੀਨ ਲਗਭਗ 2,000 ਮਾਮਲੇ ਦਰਜ ਕੀਤੇ ਗਏ, 900 ਵਿਅਕਤੀਆਂ ਨੂੰ ਨਸ਼ਾ ਮੁਕਤੀ ਕੇਂਦਰਾਂ ’ਚ ਦਾਖਲ ਕਰਵਾਇਆ ਗਿਆ ਤੇ 6,700 ਨੌਜਵਾਨਾਂ ਨੂੰ ਓਓਏਟੀ ਕੇਂਦਰਾਂ ਨਾਲ ਜੋੜਿਆ ਗਿਆ। ਉਨ੍ਹਾਂ ਲੋਕਾਂ ਨੂੰ ਸੇਫ ਪੰਜਾਬ ਪੋਰਟਲ ਦੀ ਵਰਤੋਂ ਲਈ ਪ੍ਰੇਰਿਤ ਕੀਤਾ, ਜੋ ਕਿ ਅਪਰਾਧ ਜਾਂ ਸ਼ੱਕੀ ਗਤੀਵਿਧੀਆਂ ਦੀ ਗੁਪਤ ਜਾਣਕਾਰੀ ਦੇਣ ਦਾ ਸੌਖਾ ਪਲੇਟਫਾਰਮ ਹੈ। ਐੱਸਐੱਸਪੀ ਵਿਰਕ ਨੇ ਨਸ਼ਿਆਂ ਤੇ ਅਪਰਾਧ ਖ਼ਿਲਾਫ਼ ਸਾਂਝੇ ਯਤਨਾਂ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਲੜਾਈ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਮੁਹਿੰਮਾਂ ਜਿਵੇਂ ਕਿ “ਯੁੱਧ ਨਸ਼ਿਆਂ ਵਿਰੁੱਧ” ਤੇ “ਗੈਂਗਸਟਰਾਂ ’ਤੇ ਵਾਰ” ’ਚ ਸਰਗਰਮ ਭਾਈਵਾਲੀ ਲਈ ਅਪੀਲ ਕੀਤੀ।