ਤਿੰਨ ਮੁਲਜ਼ਮ 3 ਨਾਜਾਇਜ਼ ਪਿਸਤੌਲ ਤੇ 14 ਕਾਰਤੂਸ ਸਮੇਤ ਕਾਬੂ
ਆਪ੍ਰੇਸ਼ਨ ਪ੍ਰਹਾਰ 2 ਤਹਿਤ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ
Publish Date: Mon, 09 Feb 2026 09:14 PM (IST)
Updated Date: Mon, 09 Feb 2026 09:17 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਅਪਰਾਧ ਤੇ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਚਲ ਰਹੀ ਸਖ਼ਤ ਮੁਹਿੰਮ ਤਹਿਤ ਜਲੰਧਰ ਦਿਹਾਤੀ ਪੁਲਿਸ ਨੇ “ਆਪ੍ਰੇਸ਼ਨ ਪ੍ਰਹਾਰ 2.0” ਦੌਰਾਨ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਨਾਲ ਲੈਸ ਤਿੰਨ ਆਦਤਨ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 3 ਨਾਜਾਇਜ਼ ਪਿਸਤੌਲ, 14 ਕਾਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਹ ਕਾਰਵਾਈ ਡੀਐੱਸਪੀ (ਸਥਾਨਕ/ਤਫਤੀਸ਼) ਮੁਕੇਸ਼ ਕੁਮਾਰ ਤੇ ਡੀਐੱਸਪੀ ਕਰਤਾਰਪੁਰ ਨਰਿੰਦਰ ਸਿੰਘ ਦੀ ਨਿਗਰਾਨੀ ਹੇਠ ਟੀਮ ਨੇ ਇਹ ਸਫਲਤਾ ਹਾਸਲ ਕੀਤੀ। ਐੱਸਐੱਸਪੀ ਵਿਰਕ ਨੇ ਦੱਸਿਆ ਕਿ 9 ਫਰਵਰੀ ਨੂੰ ਏਐੱਸਆਈ ਹਰਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਕਰਤਾਰਪੁਰ ਬੱਸ ਸਟੈਂਡ ਨੇੜੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਭਰੋਸੇਯੋਗ ਖੁਫੀਆ ਸੂਚਨਾ ਮਿਲੀ ਕਿ ਤਿੰਨ ਅਪਰਾਧੀ ਕਪੂਰਥਲਾ ਤੋਂ ਕਰਤਾਰਪੁਰ ਵੱਲ ਇੱਕ ਕਾਲੇ ਮੋਟਰਸਾਈਕਲ ’ਤੇ ਆ ਰਹੇ ਹਨ ਅਤੇ ਉਨ੍ਹਾਂ ਕੋਲ ਨਜਾਇਜ਼ ਹਥਿਆਰ ਹਨ। ਸੂਚਨਾ ਮਿਲਦੇ ਹੀ ਕਰਤਾਰਪੁਰ-ਕਪੂਰਥਲਾ ਰੋਡ ’ਤੇ ਪਿੰਡ ਬਿਸ਼ਰਾਮਪੁਰ ਨੇੜੇ ਨਾਕਾ ਲਗਾਇਆ ਗਿਆ। ਪੁਲਿਸ ਨੂੰ ਦੇਖ ਕੇ ਮੁਲਜ਼ਮ ਕੱਚੀ ਸੜਕ ਵੱਲ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਪਰ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਉਰਫ਼ ਤੰਨਾ, ਵਿਸ਼ਾਲ ਅਤੇ ਹਰਮਨਪ੍ਰੀਤ ਉਰਫ਼ ਹਰਮਨ ਵਜੋਂ ਹੋਈ। ਤਲਾਸ਼ੀ ਦੌਰਾਨ ਵਿਸ਼ਾਲ ਤੋਂ .32 ਬੋਰ ਦਾ ਇਕ ਪਿਸਤੌਲ ਤੇ 2 ਕਾਰਤੂਸ, ਗੁਰਪ੍ਰੀਤ ਉਰਫ਼ ਤੰਨਾ ਤੋਂ .32 ਬੋਰ ਦਾ ਇਕ ਪਿਸਤੌਲ ਤੇ 2 ਕਾਰਤੂਸ ਅਤੇ ਹਰਮਨਪ੍ਰੀਤ ਉਰਫ਼ ਹਰਮਨ ਤੋਂ .30 ਬੋਰ ਦਾ ਪਿਸਤੌਲ ਤੇ 10 ਕਾਰਤੂਸ ਤੋਂ ਇਲਾਵਾ ਇਕ ਸਪਲੈਂਡਰ ਮੋਟਰਸਾਈਕਲ (ਕਾਲਾ ਰੰਗ) ਬਰਾਮਦ ਕੀਤਾ। ਐੱਸਐੱਸਪੀ ਵਿਰਕ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਕਰਤਾਰਪੁਰ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25, 54 ਅਤੇ 59 ਤਹਿਤ ਐਫਆਈਆਰ ਨੰਬਰ 25 ਮਿਤੀ 09.02.2026 ਦਰਜ ਕੀਤੀ ਗਈ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਹੋਰ ਖੁਲਾਸੇ ਹੋ ਸਕਣ। --- ਫਰਾਰ ਤੇ ਆਦਤਨ ਅਪਰਾਧੀ ਪੁਲਿਸ ਮੁਤਾਬਕ ਮੁੱਖ ਮੁਲਜ਼ਮ ਹਰਮਨਪ੍ਰੀਤ ਉਰਫ਼ ਹਰਮਨ ਪਹਿਲਾਂ ਤੋਂ ਹੀ ਥਾਣਾ ਕਰਤਾਰਪੁਰ ਵਿੱਚ ਦਰਜ ਦੋ ਕੇਸਾਂ ਵਿੱਚ ਫਰਾਰ ਸੀ ਅਤੇ ਉਸ ਦੇ ਖ਼ਿਲਾਫ਼ ਅਸਲਾ ਐਕਟ ਸਮੇਤ ਕਈ ਗੰਭੀਰ ਮਾਮਲੇ ਦਰਜ ਹਨ। ਐੱਸਐੱਸਪੀ ਨੇ ਸਪੱਸ਼ਟ ਕੀਤਾ ਕਿ ਜਲੰਧਰ ਦਿਹਾਤੀ ਪੁਲਿਸ ਅਪਰਾਧਿਕ ਤੱਤਾਂ ਖ਼ਿਲਾਫ਼ ਬਿਲਕੁਲ ਵੀ ਨਰਮੀ ਨਹੀਂ ਵਰਤੇਗੀ ਅਤੇ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਬਣਾਏ ਰੱਖਣ ਲਈ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ।