ਮਜੀਠੀਆ ਦਾ ਜੇਲ 'ਚੋਂ ਬਾਹਰ ਆਉਣਾ ਸੱਚ ਦੀ ਜਿੱਤ : ਸ਼ਰਮਾ
ਮਜੀਠੀਆ ਦਾ ਜੇਲ 'ਚੋਂ ਬਾਹਰ ਆਉਣਾ ਸੱਚ ਦੀ ਜਿੱਤ - ਕਨਵ ਸ਼ਰਮਾ
Publish Date: Tue, 10 Feb 2026 09:14 PM (IST)
Updated Date: Tue, 10 Feb 2026 09:17 PM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਬੀਤੇ ਦਿਨ ਜੇਲ੍ਹ ’ਚੋਂ ਬਾਹਰ ਆਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਚੰਡੀਗੜ੍ਹ ਤੋਂ ਅੰਮ੍ਰਿਤਸਰ ਨੂੰ ਜਾਂਦੇ ਹੋਏ ਪੀਏਪੀ ਚੌਕ ਦੇ ਨਜ਼ਦੀਕ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਤੇ ਵਰਕਰਾਂ ਵੱਲੋਂ ਇਕੱਠ ਕਰਕੇ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਹਲਕਾ ਜਲੰਧਰ ਕੈਂਟ ਦੇ ਇੰਚਾਰਜ ਹਰਜਾਪ ਸਿੰਘ ਸੰਘਾ ਤੇ ਸ਼੍ਰੋ.ਅ.ਦ ਜਲੰਧਰ ਦੇ ਜ਼ਿਲ੍ਹਾ ਜਨਰਲ ਸਕੱਤਰ ਕਨਵ ਸ਼ਰਮਾ ਵੱਲੋਂ ਸਿਰੋਪਾਓ ਭੇਟ ਕਰਕੇ ਬਿਕਰਮਜੀਤ ਸਿੰਘ ਮਜੀਠੀਆ ਦਾ ਸੁਆਗਤ ਕਰਦੇ ਹੋਏ ਵਧਾਈ ਦਿੱਤੀ ਗਈ। ਇਸ ਦੌਰਾਨ ਗੱਲਬਾਤ ਕਰਦਿਆਂ ਕਨਵ ਸ਼ਰਮਾ ਬੇਸ਼ੱਕ ਪੰਜਾਬ ਦੀ ਸੱਤਾਧਾਰੀ ਪਾਰਟੀ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਖਿਲਾਫ਼ ਕੀਤੇ ਗਏ ਕੂੜ ਪ੍ਰਚਾਰ ਤੇ ਕੀਤੇ ਗਏ ਝੂਠੇ ਪਰਚੇ ਕਰਕੇ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਅਕਸ ਨੂੰ ਢਾਹ ਲਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਗਈ ਹੋਵੇ ਪਰ ਇਸਦੇ ਬਾਵਜੂਦ ਸੱਚ ਤੇ ਇਨਸਾਫ ਦੀ ਜਿੱਤ ਹੋਈ ਹੈ ਤੇ ਮਾਝੇ ਦਾ ਜਰਨੈਲ ਬਿਕਰਮਜੀਤ ਸਿੰਘ ਮਜੀਠੀਆ ਜੇਲ੍ਹ 'ਚੋਂ ਬਾਹਰ ਆ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਰੋਜ਼ਾਨਾ ਕਤਲ ਹੋ ਰਹੇ ਹਨ, ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਸਰਕਾਰ ਖਿਲਾਫ਼ ਜੇ ਵਿਰੋਧੀ ਧਿਰ ਦਾ ਕੋਈ ਆਗੂ ਆਪਣੀ ਆਵਾਜ਼ ਉਠਾਉਂਦਾ ਹੈ ਤਾਂ ਉਨ੍ਹਾਂ ਵਿਰੁੱਧ ਐੱਫਆਈਆਰਜ਼ ਦਰਜ ਕੀਤੀਆਂ ਜਾਂਦੀਆਂ ਹਨ, ਜੋ ਲੋਕਤੰਤਰ ਦੀ ਉਲੰਘਣਾ ਕਰਦੀ ਹੈ।