ਪੁਲਿਸ ਮੁਕਾਬਲੇ ’ਚ ਹਮਲੇ ਦਾ ਮੁੱਖ ਮੁਲਜ਼ਮ ਕਾਬੂ
ਪੁਲਿਸ ਮੁਕਾਬਲੇ ’ਚ ਮੁੱਖ ਮੁਲਜ਼ਮ ਕਾਬੂ, ਪਿਸਤੌਲ ਤੇ ਮੋਟਰਸਾਈਕਲ ਬਰਾਮਦ
Publish Date: Thu, 05 Mar 2026 08:41 PM (IST)
Updated Date: Thu, 05 Mar 2026 08:44 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ: ਪਿੰਡ ਬੂਟੇ ਦੀ ਛੰਨਾ ਦੇ ਸਰਪੰਚ ’ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ’ਚ ਜਲੰਧਰ ਦਿਹਾਤ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਤੋਂ ਇਕ ਪਿਸਤੌਲ, ਕਾਰਤੂਸ, ਚਲਿਆ ਕਾਰਤੂਸ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਜ਼ਖ਼ਮੀ ਹਾਲਤ ’ਚ ਮੁਲਜ਼ਮ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਥਾਣਾ ਮਹਿਤਪੁਰ ਦੇ ਐੱਸਐੱਚਓ ਸਬ ਇੰਸਪੈਕਟਰ ਪੰਕਜ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਇਹ ਕਾਰਵਾਈ ਕੀਤੀ।
ਜਾਣਕਾਰੀ ਅਨੁਸਾਰ 28 ਫਰਵਰੀ 2026 ਨੂੰ ਪਿੰਡ ਬੂਟੇ ਦੀ ਛੰਨਾ ਦੇ ਮੌਜੂਦਾ ਸਰਪੰਚ ਮਹਿੰਦਰ ਸਿੰਘ ’ਤੇ ਪੰਜ ਅਣਪਛਾਤੇ ਵਿਅਕਤੀਆਂ ਨੇ ਤਲਵਾਰਾਂ ਤੇ ਰਾਡਾਂ ਨਾਲ ਹਮਲਾ ਕਰ ਦਿੱਤਾ ਸੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਏ ਸਨ। ਘਟਨਾ ਤੋਂ ਬਾਅਦ ਥਾਣਾ ਮਹਿਤਪੁਰ ’ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਜਾਂਚ ਦੌਰਾਨ ਪੁਲਿਸ ਨੇ ਹਮਲੇ ’ਚ ਸ਼ਾਮਲ ਪੰਜਾਂ ਮੁਲਜ਼ਮਾਂ ਦੀ ਪਛਾਣ ਕਰ ਲਈ ਸੀ। 4 ਮਾਰਚ 2026 ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਇਸ ਮਾਮਲੇ ਦਾ ਇਕ ਮੁਲਜ਼ਮ ਸੁਖਜੀਤ ਸਿੰਘ ਉਰਫ਼ ਸ਼ੀਲੂ, ਵਾਸੀ ਪਿੰਡ ਖੋਖੇਵਾਲ (ਜ਼ਿਲ੍ਹਾ ਜਲੰਧਰ), ਮਹਿਤਪੁਰ ਇਲਾਕੇ ’ਚ ਘੁੰਮ ਰਿਹਾ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮਹਿਤਪੁਰ-ਨਕੋਦਰ ਰੋਡ ’ਤੇ ਨਾਕਾਬੰਦੀ ਕਰ ਦਿੱਤੀ। ਨਾਕਾਬੰਦੀ ਦੌਰਾਨ ਨਕੋਦਰ ਵੱਲੋਂ ਮੋਟਰਸਾਈਕਲ ’ਤੇ ਇਕ ਸ਼ੱਕੀ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜਿਸ ਦੀ ਅਗਲੀ ਨੰਬਰ ਪਲੇਟ ਟੁੱਟੀ ਹੋਈ ਸੀ। ਪੁਲਿਸ ਨੇ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਦੋਸ਼ੀ ਨੇ ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਿਸ ਟੀਮ ’ਤੇ ਗੋਲੀ ਚਲਾ ਦਿੱਤੀ। ਪੁਲਿਸ ਨੇ ਆਤਮ-ਰੱਖਿਆ ’ਚ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਮੁਲਜ਼ਮ ਦੇ ਪੈਰ ’ਚ ਗੋਲੀ ਲੱਗ ਗਈ ਤੇ ਉਸ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ।
ਤਲਾਸ਼ੀ ਦੌਰਾਨ ਉਸ ਕੋਲੋਂ 7.65 ਐੱਮਐੱਮ ਦੀ ਇਕ ਪਿਸਤੌਲ, ਇਕ ਅਣਚੱਲਿਆ ਕਾਰਤੂਸ ਤੇ ਇਕ ਚੱਲਿਆ ਕਾਰਤੂਸ ਬਰਾਮਦ ਹੋਇਆ। ਇਸ ਤੋਂ ਇਲਾਵਾ ਵਾਰਦਾਤ ’ਚ ਵਰਤਿਆ ਗਿਆ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ। ਇਸ ਮੁਕਾਬਲੇ ਸਬੰਧੀ ਥਾਣਾ ਮਹਿਤਪੁਰ ’ਚ ਆਰਮਜ਼ ਐਕਟ ਤਹਿਤ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਬਾਕੀ ਚਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਤੇ ਨਾਕਾਬੰਦੀ ਕੀਤੀ ਜਾ ਰਹੀ ਹੈ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।