ਮਹਾਸ਼ਿਵਰਾਤਰੀ ਅੱਜ, ਰਾਤ ਭਰ ਖੁੱਲ੍ਹੇ ਰਹਿਣਗੇ ਮੰਦਰਾਂ ਦੇ ਦਰਵਾਜ਼ੇ
ਮਹਾਸ਼ਿਵਰਾਤਰੀ ਅੱਜ, ਰਾਤ ਭਰ ਖੁੱਲ੍ਹੇ ਰਹਿਣਗੇ ਮੰਦਰਾਂ ਦੇ ਦਰਵਾਜੇ
Publish Date: Sat, 14 Feb 2026 09:28 PM (IST)
Updated Date: Sun, 15 Feb 2026 04:15 AM (IST)

--ਵਰਤ ਰੱਖਣ ਵਾਲੇ ਸ਼ਰਧਾਲੂ ਕਰਨਗੇ ਚਾਰ ਪਹਿਰ ਦੀ ਪੂਜਾ, ਵੱਖ-ਵੱਖ ਸੰਸਥਾਵਾਂ ਵੱਲੋਂ ਲਗਾਏ ਜਾਣਗੇ ਭੰਡਾਰੇ, ਫਲਾਂ ਤੇ ਫੁੱਲਾਂ ਦੇ ਭਾਅ ਵਧੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 15 ਫ਼ਰਵਰੀ ਨੂੰ ਮਨਾਈ ਜਾ ਰਹੀ ਮਹਾਸ਼ਿਵਰਾਤਰੀ ਨੂੰ ਲੈ ਕੇ ਐਤਵਾਰ ਤੜਕੇ ਤੋਂ ਲੈ ਕੇ ਰਾਤ ਭਰ ਸ਼ਿਵ ਮੰਦਰਾਂ ਦੇ ਦਰਵਾਜੇ ਖੁੱਲ੍ਹੇ ਰਹਿਣਗੇ। ਇਸ ਦੌਰਾਨ ਮਹਾਸ਼ਿਵਰਾਤਰੀ ਦਾ ਵਰਤ ਰੱਖਣ ਵਾਲੇ ਸ਼ਰਧਾਲੂ ਮੰਦਰਾਂ ’ਚ ਚਾਰ ਪਹਿਰ ਦੀ ਪੂਜਾ ਅਰਚਨਾ ਕਰਨਗੇ। ਇਸ ਲਈ ਮੰਦਰਾਂ ’ਚ ਵਿਸ਼ਾਲ ਪੱਧਰ ’ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਕਿਤੇ ਭਗਵਾਨ ਸ਼ਿਵ ਦਾ ਰੁਦ੍ਰਾਭਿਸ਼ੇਕ ਕੀਤਾ ਜਾਵੇਗਾ ਤਾਂ ਕਿਤੇ ਵੱਖ-ਵੱਖ ਵਿਅੰਜਨਾਂ ਦੇ ਭੰਡਾਰੇ ਲਗਾਏ ਜਾਣਗੇ। ਸ਼ਿਵ ਭਗਤਾਂ ਵੱਲੋਂ ਕੀਤੀ ਜਾਣ ਵਾਲੀ ਚਾਰ ਪਹਿਰ ਦੀ ਪੂਜਾ ਲਈ ਵੀ ਖਾਸ ਇੰਤਜ਼ਾਮ ਕੀਤੇ ਗਏ ਹਨ। ਐਤਵਾਰ ਸ਼ਾਮ ਤੋਂ ਸ਼ੁਰੂ ਹੋਣ ਵਾਲੀ ਇਹ ਪੂਜਾ ਦੇਰ ਰਾਤ ਤੇ ਤੜਕੇ ਤੱਕ ਜਾਰੀ ਰਹੇਗੀ, ਜਿਸ ਦੌਰਾਨ ਸਾਰੀਆਂ ਧਾਰਮਿਕ ਰਸਮਾਂ ਅਦਾ ਕੀਤੀਆਂ ਜਾਣਗੀਆਂ। ਭਦ੍ਰਵਾਸ ਤੇ ਸਰਵਾਰਥ ਸਿੱਧਿ ਯੋਗ ਦੇ ਦਰਮਿਆਨ ਇਸ ਵਾਰ ਮਹਾਸ਼ਿਵਰਾਤਰੀ ਦਾ ਉਤਸਵ ਮਨਾਇਆ ਜਾ ਰਿਹਾ ਹੈ, ਜਿਸ ਕਰਕੇ ਸ਼ਿਵ ਭਗਤਾਂ ’ਚ ਖਾਸ ਉਤਸ਼ਾਹ ਹੈ। ਸ਼ਹਿਰ ਦੇ ਮੰਦਰਾਂ ’ਚ ਸ਼ਾਨਦਾਰ ਪ੍ਰਬੰਧ ਕੀਤੇ ਗਏ ਹਨ। ਸ਼ਨਿਚਰਵਾਰ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਬਾਜ਼ਾਰਾਂ ’ਚ ਖਰੀਦਦਾਰੀ ਜਾਰੀ ਰਹੀ। ਪ੍ਰਾਚੀਨ ਸ਼ਿਵ ਮੰਦਰ ’ਚ ਹੋਵੇਗਾ ਰੁਦ੍ਰਾਭਿਸ਼ੇਕ ਮਹਾਸ਼ਿਵਰਾਤਰੀ ਦੇ ਮੌਕੇ ’ਤੇ ਪ੍ਰਾਚੀਨ ਸ਼ਿਵ ਮੰਦਰ ਦਮੋਰਿਆ ਪੁਲ ’ਚ ਭਗਵਾਨ ਸ਼ਿਵ ਦਾ ਰੁਦ੍ਰਾਭਿਸ਼ੇਕ ਕੀਤਾ ਜਾਵੇਗਾ। ਇੱਥੇ ਸ਼ਿਵਲਿੰਗ ’ਤੇ ਜਲ ਅਰਪਣ ਕਰਨ ਵਾਲੇ ਸ਼ਰਧਾਲੂਆਂ ਦੀਆਂ ਕਤਾਰਾਂ ਸਵੇਰ ਤੋਂ ਹੀ ਲੱਗਣ ਲੱਗ ਪੈਂਦੀਆਂ ਹਨ। ਇਸ ਲਈ ਸੁਰੱਖਿਆ ਦੇ ਨਾਲ ਸੇਵਾਦਾਰਾਂ ਦੀ ਵੀ ਤਾਇਨਾਤੀ ਕੀਤੀ ਜਾਵੇਗੀ। ਮੰਦਰ ਕਮੇਟੀ ਦੇ ਪ੍ਰਧਾਨ ਯਾਦਵ ਖੋਸਲਾ ਨੇ ਦੱਸਿਆ ਕਿ ਪੂਜਾ ਲਈ ਆਉਣ ਵਾਲੇ ਭਗਤਾਂ ਲਈ ਮੰਦਰ ਬਾਹਰ ਭੰਗ, ਧਤੂਰਾ ਤੇ ਬਿਲਵ ਪੱਤਰ ਦਾ ਪ੍ਰਬੰਧ ਕੀਤਾ ਗਿਆ ਹੈ। ਦਰਬਾਰ ’ਚ ਦਿਨ ਭਰ ਭਗਵਾਨ ਸ਼ਿਵ ਮਹਿਮਾ ਦਾ ਉਚਾਰਣ ਕੀਤਾ ਜਾਵੇਗਾ। ਇਸੇ ਤਰ੍ਹਾਂ ਸ਼੍ਰੀ ਦੇਵੀ ਤਾਲਾਬ ਮੰਦਰ ਦੇ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਾਜੇਸ਼ ਵਿਜ ਨੇ ਕਿਹਾ ਕਿ ਐਤਵਾਰ ਨੂੰ ਮਹਾਸ਼ਿਵਰਾਤਰੀ ਹੋਣ ਕਰਕੇ ਵੱਡੀ ਗਿਣਤੀ ’ਚ ਸ਼ਰਧਾਲੂ ਪਰਿਵਾਰ ਸਮੇਤ ਸ਼ਾਮਲ ਹੋਣਗੇ, ਜਿਸ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਪ੍ਰਾਚੀਨ ਸ਼ਿਵ ਮੰਦਰ ਗੁੜ ਮੰਡੀ ਦੇ ਮੁੱਖ ਪੁਜਾਰੀ ਪੰਡਿਤ ਨਾਰਾਇਣ ਸ਼ਾਸਤਰੀ ਨੇ ਦੱਸਿਆ ਕਿ ਵਰਤ ਰੱਖਣ ਵਾਲਿਆਂ ਲਈ ਖਾਸ ਇੰਤਜ਼ਾਮ ਹਨ। ਇਸੇ ਤਰ੍ਹਾਂ ਮਾਂ ਚਿੰਤਪੁਰਨੀ ਮੰਦਰ ਮਾਈ ਹੀਰਾਂ ਗੇਟ ’ਚ 15 ਫ਼ਰਵਰੀ ਸ਼ਾਮ ਤੋਂ ਚਾਰ ਪਹਿਰ ਦੀ ਪੂਜਾ ਤੇ 16 ਫ਼ਰਵਰੀ ਨੂੰ ਭੰਡਾਰਾ ਕਰਵਾਇਆ ਜਾਵੇਗਾ। ਸ਼ਿਵਸੈਨਾ ਨੇਤਾ ਮੁਨੀਸ਼ ਬਾਹਰੀ ਨੇ ਦੱਸਿਆ ਕਿ ਚੌਕ ਸੂਦਾਂ ’ਚ ਵੀ ਭੰਡਾਰਾ ਲਗਾਇਆ ਜਾਵੇਗਾ। ਦੋ ਸੌ ਤੋਂ ਵੱਧ ਥਾਵਾਂ ’ਤੇ ਲੱਗਣਗੇ ਭੰਡਾਰੇ ਮਹਾਸ਼ਿਵਰਾਤਰੀ ਨੂੰ ਲੈ ਕੇ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ’ਚ ਭਾਰੀ ਉਤਸ਼ਾਹ ਹੈ। 15 ਤੇ 16 ਫ਼ਰਵਰੀ ਨੂੰ ਸ਼ਹਿਰ ਦੇ ਹਲਵਾਈ, ਕੁੱਕ ਤੇ ਕੈਟਰਰ ਪਹਿਲਾਂ ਹੀ ਬੁੱਕ ਹੋ ਚੁੱਕੇ ਹਨ। ਜਾਣਕਾਰੀ ਮੁਤਾਬਕ ਸ਼ਹਿਰ ’ਚ 200 ਤੋਂ ਵੱਧ ਥਾਵਾਂ ’ਤੇ ਭੰਡਾਰੇ ਲਗਾਏ ਜਾਣਗੇ। ਫਲਾਂ ਤੇ ਫੁੱਲਾਂ ਦੇ ਭਾਅ ਚੜ੍ਹੇ ਮਹਾਸ਼ਿਵਰਾਤਰੀ ਮੌਕੇ ਭਗਵਾਨ ਸ਼ਿਵ ਦੀ ਉਪਾਸਨਾ ਲਈ ਫਲਾਂ ਤੇ ਫੁੱਲਾਂ ਦੀ ਮੰਗ ’ਚ ਅਚਾਨਕ ਵਾਧਾ ਹੋ ਗਿਆ ਹੈ, ਜਿਸ ਨਾਲ ਭਾਅ ਵੀ ਵਧ ਗਏ ਹਨ। ਕੁਝ ਦਿਨ ਪਹਿਲਾਂ 40 ਤੋਂ 50 ਰੁਪਏ ਪ੍ਰਤੀ ਦਰਜਨ ਮਿਲਣ ਵਾਲੇ ਕੇਲਿਆਂ ਦੇ ਭਾਅ ਹੁਣ 60 ਤੋਂ 70 ਰੁਪਏ ਤੱਕ ਪਹੁੰਚ ਗਏ ਹਨ। ਇਸੇ ਤਰ੍ਹਾਂ 40 ਰੁਪਏ ਪ੍ਰਤੀ ਕਿਲੋ ਮਿਲਣ ਵਾਲੇ ਬੇਰ ਹੁਣ 80 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਹੇ ਹਨ। ਸੰਤਰਾ, ਸੇਬ ਤੇ ਅੰਗੂਰਾਂ ਦੇ ਭਾਅ ਵੀ ਵਧੇ ਹਨ। ਰਿਟੇਲ ਫਲ ਵਿਕਰੇਤਾ ਸੁਭਾਸ਼ ਕੁਮਾਰ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਮੌਕੇ ਭੰਡਾਰਿਆਂ ਲਈ ਵੀ ਫਲਾਂ ਦੀ ਮੰਗ ਵਧ ਜਾਂਦੀ ਹੈ। ਮੰਗ ਵਧਣ ਤੇ ਆਮਦ ’ਚ ਵਾਧਾ ਨਾ ਹੋਣ ਕਾਰਨ ਭਾਅ ’ਤੇ ਅਸਰ ਪਿਆ ਹੈ।