ਲਾਇਲਪੁਰ ਖਾਲਸਾ ਕਾਲਜ ਦੇ ਐੱਨਐੱਸਐੱਸ ਯੂਨਿਟ ਨੇ ਮਾਰੀਆਂ ਮੱਲਾਂ
ਲਾਇਲਪੁਰ ਖਾਲਸਾ ਕਾਲਜ ਐੱਨਐੱਸਐੱਸ ਯੂਨਿਟ ਦੀਆਂ ਰਾਜ ਤੇ ਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਾਪਤੀਆਂ
Publish Date: Thu, 09 Apr 2026 07:03 PM (IST)
Updated Date: Thu, 09 Apr 2026 07:05 PM (IST)

-ਸਿਮਰਨ ਪੁਣੇ ’ਚ ਵਿਸ਼ਵ ਯੁਵਾ ਸੰਸਦ ’ਚ ਸਰਬੋਤਮ ਬੁਲਾਰਾ ਚੁਣੀ ਗਈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਦੇ ਐੱਨਐੱਸਐੱਸ ਯੂਨਿਟ ਦੇ ਵਲੰਟੀਅਰਾਂ ਨੇ ਰਾਜ ਤੇ ਰਾਸ਼ਟਰੀ ਪੱਧਰ ਦੇ ਵੱਖ-ਵੱਖ ਸਮਾਗਮਾਂ ’ਚ ਹਿੱਸਾ ਲੈ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਇਨ੍ਹਾਂ ਸਮਾਗਮਾਂ ’ਚ ਨਾਗਾਲੈਂਡ ਵਿਖੇ ਉੱਤਰ-ਪੂਰਬੀ ਯੁਵਾ ਤਿਉਹਾਰ ਪੁਣੇ ’ਚ ਵਿਸ਼ਵ ਯੁਵਾ ਸੰਸਦ, ਰਾਸ਼ਟਰੀ ਏਕਤਾ ਕੈਂਪ (ਐੱਨਆਈਸੀ), ਰਾਜ ਯੁਵਾ ਸੰਸਦ ਤੇ ਰਾਜ ਐੱਨਐੱਸਐੱਸ ਕਨਵੈਨਸ਼ਨ ਸ਼ਾਮਲ ਹਨ। ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਭਾਗੀਦਾਰ ਵਿਦਿਆਰਥੀਆਂ ਦਾ ਸਨਮਾਨ ਕਰਦਿਆਂ ਕਿਹਾ ਕਿ ਇਹ ਪ੍ਰਾਪਤੀਆਂ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਨੇ ਕਿਹਾ ਕਿ ਕਾਲਜ ਹਮੇਸ਼ਾਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਤੇ ਰਾਸ਼ਟਰੀ ਮੰਚਾਂ ’ਤੇ ਪੇਸ਼ ਕਰਨ ਲਈ ਮੌਕੇ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਐੱਨਐੱਸਐੱਸ ਯੂਨਿਟ ਨੂੰ ਲਗਾਤਾਰ ਰਾਸ਼ਟਰੀ ਪੱਧਰ ‘ਤੇ ਪ੍ਰਦਰਸ਼ਨ ਲਈ ਵਧਾਈ ਦਿੱਤੀ। ਐੱਨਐੱਸਐੱਸਦੇ ਮੁੱਖ ਪ੍ਰੋਗਰਾਮ ਅਫਸਰ ਪ੍ਰੋ. ਸਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਲੰਟੀਅਰ ਨਤਾਸ਼ਾ ਤੇ ਰਿਤਿਕਾ ਨੂੰ ਨਾਗਾਲੈਂਡ ਵਿਖੇ ਉੱਤਰ-ਪੂਰਬੀ ਯੁਵਾ ਉਤਸਵ ਲਈ ਚੁਣਿਆ ਗਿਆ, ਜਿੱਥੇ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇਕਲੌਤੀ ਮਹਿਲਾ ਪ੍ਰਤੀਨਿਧੀ ਸਨ। ਵਲੰਟੀਅਰ ਸਿਮਰਨ ਨੂੰ ਪੁਣੇ ’ਚ ਵਰਲਡ ਯੂਥ ਪਾਰਲੀਮੈਂਟ ਦੌਰਾਨ ‘ਸ਼ਾਂਤੀ ਤੇ ਸੁਰੱਖਿਆ’ ਵਿਸ਼ੇ ’ਤੇ ਸਰਵੋਤਮ ਬੁਲਾਰਾ ਚੁਣਿਆ ਗਿਆ। ਇਸ ਤੋਂ ਇਲਾਵਾ, ਮਨੀਸ਼ ਤੇ ਦਮਨ ਨੇ ਬਿਹਾਰ, ਰਘੁਨੰਦਨ ਤੇ ਦੇਵ ਅੰਸ਼ ਨੇ ਹਰਿਆਣਾ, ਜਦਕਿ ਸੁਖਪ੍ਰੀਤ ਤੇ ਸਿਮਰਨ ਨੇ ਗੁਜਰਾਤ ’ਚ ਐੱਨਆਈਸੀ ਕੈਂਪਾਂ ’ਚ ਹਿੱਸਾ ਲਿਆ। ਨਤਾਸ਼ਾ, ਕੋਮਲ, ਭੂਮਿਕਾ ਤੇ ਰਿਤਿਕਾ ਨੇ ਗਵਾਲੀਅਰ (ਮੱਧ ਪ੍ਰਦੇਸ਼) ’ਚ ਅੰਤਰ-ਰਾਜੀ ਯੁਵਾ ਐਕਸਚੇਂਜ ਪ੍ਰੋਗਰਾਮ ’ਚ ਹਿੱਸਾ ਲਿਆ। ਗੁਰਵਿੰਦਰ ਕੌਰ ਨੂੰ ਖਰੜ ਵਿਖੇ ਸਟੇਟ ਐੱਨਐੱਸਐੱਸ ਕਨਵੈਨਸ਼ਨ ਲਈ ਸੱਦਾ ਮਿਲਿਆ। ਇਸੇ ਤਰ੍ਹਾਂ, ਏਕਤਾ ਪਾਂਡੇ ਤੇ ਵੰਸ਼ਿਕਾ ਨੇ ਚੰਡੀਗੜ੍ਹ ’ਚ ਸਟੇਟ ਯੂਥ ਪਾਰਲੀਮੈਂਟ ’ਚ ਹਿੱਸਾ ਲਿਆ। ਜਸਕਰਨ ਸਿੰਘ ਨੇ ‘ਮਾਈ ਭਾਰਤ ਪੋਰਟਲ’ ‘ਤੇ ਸਰਗਰਮ ਭਾਗੀਦਾਰੀ ਲਈ 20 ਹਜ਼ਾਰ ਰੁਪਏ ਨਕਦ ਇਨਾਮ ਅਤੇ ਉਪਹਾਰ ਜਿੱਤੇ। ਸਭ ਪ੍ਰਾਪਤੀਕਾਰ ਵਿਦਿਆਰਥੀਆਂ ਨੇ ਕਾਲਜ ਪ੍ਰਬੰਧਕਾਂ, ਯੁਵਕ ਸੇਵਾਵਾਂ ਵਿਭਾਗ ਪੰਜਾਬ, ਰਾਜ ਐੱਨਐੱਸਐੱਸ ਸੈੱਲ ਤੇ ਭਾਰਤ ਸਰਕਾਰ ਦੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦਾ ਧੰਨਵਾਦ ਕੀਤਾ।